ਫਗਵਾੜਾ : ਪੰਜਾਬੀ ਵਿਰਸਾ ਟਰੱਸਟ ਤੇ ਸਕੇਪ ਸਾਹਿਤਕ ਸੰਸਥਾ ਫਗਵਾੜਾ ਵੱਲੋਂ ਐਤਵਾਰ ਨੂੰ ਇੱਥੇ ਪੰਜਾਬੀ ਲੇਖਕ ਤੇ ਸੀਨੀਅਰ ਪੱਤਰਕਾਰ ਪ੍ਰੋ. ਜਸਵੰਤ ਸਿੰਘ ਗੰਡਮ ਦੀ ਪਲੇਠੀ ਕਾਵਿ-ਪੁਸਤਕ ਬੁੱਲ ਸੀਤਿਆਂ ਸਰਨਾ ਨਈਂ ਤੇ ਵਿਚਾਰ-ਗੋਸ਼ਟੀ ਕੀਤੀ ਗਈ। ਇਸ ਸਮੇਂ ਪ੍ਰਧਾਨਗੀ ਮੰਡਲ ’ਚ ਨਾਮਵਰ ਲੇਖਕ ਐਡਵੋਕੇਟ ਐਸ.ਐਲ. ਵਿਰਦੀ, ਸੋਹਣ ਸਹਿਜਲ, ਟੀ.ਡੀ, ਚਾਵਲਾ, ਬਲਦੇਵ ਰਾਜ ਕੋਮਲ ਅਤੇ ਅਜਾਇਬ ਸਿੰਘ ਸੰਘਾ ਸ਼ਾਮਲ ਸਨ। ਪੁਸਤਕ ਚਰਚਾ ’ਚ ਪੰਜਾਬੀ ਲੇਖਕ ਅਤੇ ਪ੍ਰਬੰਧਕ ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਕੁੰਜੀਵਤ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰੋ. ਜਸਵੰਤ ਸਿੰਘ ਗੰਡਮ ਦੀ ਸਮੁੱਚੀ ਕਵਿਤਾ ਪ੍ਰਸੰਗਕ ਸੱਚ ਨੂੰ ਸਿਰਫ਼ ਬਿਆਨ ਹੀ ਨਹੀਂ , ਸਗੋਂ ਪ੍ਰਸੰਗਕਤਾ ਦੀ ਅਣਸੁਖਾਵੀਂ ਸਥਿਤੀ ’ਚੋਂ ਲੋਕਾਂ ਨੂੰ ਮੁਕਤ ਕਰਨ ਦਾ ਰਾਹ ਉਲੀਕਦੀ ਹੋਈ, ਜਿੱਤ-ਹਾਰ, ਖੁਸ਼ੀ-ਉਦਾਸੀ ਦੇ ਵਰਤਾਰੇ ਨਾਲ ਸੰਵਾਦ ਰਚਾਉਂਦੀ ਹੈ। ਰੂਸੀ ਕਵੀ ਕੈਸਲ ਕੁਲੱਈ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਕਵਿਤਾ ਲੋਕਾਂ ਦੀ ਤਰਜ਼ਮਾਨੀ ਕਰਦੀ ਹੈ ਤੇ ਸੇਵਾ ਵੀ ਤੇ ਇਹ ਜੀਉਂਦਿਆਂ ਲਈ ਹੁੰਦੀ ਹੈ ਨਾ ਕਿ ਮੋਇਆਂ ਲਈ। ਇਸ ਮੌਕੇ ਪ੍ਰੋ. ਜਸਵੰਤ ਸਿੰਘ ਗੰਡਮ ਨੇ ਆਪਣੇ ਪਹਿਲੇ ਕਾਵਿ-ਸੰਗ੍ਰਹਿ ਬਾਰੇ ਬੋਲਦਿਆਂ ਦੱਸਿਆ ਕਿ ਇਸ ’ਚ ਕੁੱਲ 88 ਕਵਿਤਾਵਾਂ ਹਨ, ਜੋ ਦੁੱਖਆਰਿਆਂ-ਲਤਾੜਿਆਂ ਤੇ ਦਬਾਏ ਹੋਏ ਲੋਕਾਂ ਦੇ ਦੁੱਖਾਂ, ਦਰਦਾਂ ਤੇ ਸੰਘਰਸ਼ਾਂ ਨੂੰ ਬਿਆਨ ਕਰਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਾਗਦੀ ਜ਼ਮੀਰ ਵਾਲੇ ਲੇਖਕਾਂ ਨੂੰ ਜ਼ੁਲਮ, ਜਬਰ ਤੇ ਨਾ-ਇਨਸਾਫ਼ੀ ਵਿਰੁੱਧ ਖੜ੍ਹਨਾ, ਅੜਨਾ ਤੇ ਲੜਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਪ੍ਰੋ. ਗੰਡਮ ਦੀਆਂ ਤਿੰਨ ਵਾਰਤਕ ਪੁਸਤਕਾਂ ਛਪ ਚੁੱਕੀਆਂ ਹਨ। ਇਸ ਸਮਾਗਮ ’ਚ ਡਾ. ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਬਰੈਂਪਟਨ ਕੈਨੇਡਾ, ਨੇ ਵਿਸ਼ੇਸ਼ ਸ਼ਿਰਕਤ ਕੀਤੀ। ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਪ੍ਰਣਾਏ ਹੋਏ ਉੱਦਮੀ ਡਾ. ਦਲਬੀਰ ਸਿੰਘ ਕਥੂਰੀਆ ਨੇ ਪੱਛਮੀ ਪੰਜਾਬ (ਪਾਕਿਸਤਾਨ) ਦੀ ਮੁੱਖ ਮੰਤਰੀ ਮਰੀਅਮ ਨਿਵਾਜ਼ ਸ਼ਰੀਫ਼ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਉੱਥੇ ਪਹਿਲੀ ਤੋਂ ਪੰਜਵੀਂ ਕਲਾਸ ਤੱਕ ਪੰਜਾਬੀ ਲਾਗੂ ਕਰਨ ਦਾ ਫ਼ੈਸਲਾ ਕੀਤਾ। ਇਸ ਮੌਕੇ ਡਾ. ਕਥੂਰੀਆ ਅਤੇ ਪ੍ਰੋ. ਗੰਡਮ ਨੂੰ ਸਨਮਾਨਿਤ ਕੀਤਾ ਗਿਆ। ਪ੍ਰਧਾਨਗੀ ਮੰਡਲ ’ਚ ਸ਼ਾਮਲ ਸ਼ਖ਼ਸੀਅਤਾਂ ਤੋਂ ਇਲਾਵਾ ਕਮਲੇਸ਼ ਸੰਧੂ, ਰਵਿੰਦਰ ਚੋਟ, ਅਸ਼ੋਕ ਚੱਢਾ ਨੇ ਪੁਸਤਕ ਚਰਚਾ ਚ ਹਿੱਸਾ ਲਿਆ। ਹੋਰਨਾਂ ਤੋਂ ਇਲਾਵਾ ਪਰਵਿੰਦਰਜੀਤ ਸਿੰਘ, ਜਸਵਿੰਦਰ ਫਗਵਾੜਾ, ਲਸ਼ਕਰ ਢੰਡਵਾੜਵੀ,ਸਿਮਰਤ ਕੌਰ,ਹਰਜਿੰਦਰ ਨਿਆਣਾ ,ਮੈਡਮ ਬੰਸੋ ਦੇਵੀ, ਕੁਲਵੰਤ ਸਿੰਘ ਭਿੰਡਰ, ਪ੍ਰੀਤ ਕੌਰ ਪ੍ਰੀਤੀ, ਅਸ਼ੋਕ ਸ਼ਰਮਾ, ਚਰਨਜੀਤ ਸਿੰਘ ਬਰਨਾ ਤੇ ਹੋਰ ਮੈਂਬਰ ਹਾਜ਼ਰ ਸਨ।
Leave a Reply