ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਵੱਡਾ ਹਾਦਸਾ, ਪੱਬ 'ਚ ਲੱਗੀ ਅੱਗ ਨੇ ਲਈਆਂ 27 ਜਾਨਾਂ

ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਵੱਡਾ ਹਾਦਸਾ, ਪੱਬ 'ਚ ਲੱਗੀ ਅੱਗ ਨੇ ਲਈਆਂ 27 ਜਾਨਾਂ

ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਸੋਮਵਾਰ ਤੜਕੇ ਇੱਕ ਪੱਬ ਵਿੱਚ ਲੱਗੀ ਭਿਆਨਕ ਅੱਗ ਕਾਰਨ 27 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਅਨੁਸਾਰ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਲੰਬੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਅੱਧੀ ਰਾਤ ਦੇ ਕਰੀਬ ਵਾਪਰਿਆ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਵੀਡੀਓਜ਼ ਵਿੱਚ ਬੈਂਕਾਕ ਦੇ ਉੱਤਰੀ ਹਿੱਸੇ ਵਿੱਚ ਸਥਿਤ ਪੱਬ ਦੇ ਮੁੱਖ ਦਰਵਾਜ਼ੇ ਵਿਚੋਂ ਅੱਗ ਦੀਆਂ ਉੱਚੀਆਂ ਲਪਟਾਂ ਨਿਕਲਦੀਆਂ ਅਤੇ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਬਾਹਰ ਭੱਜਦੇ ਹੋਏ ਦੇਖਿਆ ਗਿਆ। ਹਾਦਸੇ ਦੌਰਾਨ ਇਲਾਕੇ ਵਿੱਚ ਕਾਲੇ ਧੂੰਏਂ ਦਾ ਗੁਬਾਰ ਵੀ ਫੈਲ ਗਿਆ। ਮੌਕੇ 'ਤੇ ਪਹੁੰਚੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਚਾਰਨਵੀਰਾਕੁਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ 27 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਕਈ ਜ਼ਖ਼ਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦੇ ਮੁਤਾਬਕ ਫਾਇਰ ਫਾਈਟਰਾਂ ਨੂੰ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਉਣ ਵਿੱਚ ਲਗਭਗ ਅੱਧਾ ਘੰਟਾ ਲੱਗਿਆ। ਹਾਦਸੇ ਤੋਂ ਬਾਅਦ ਸਾਹਮਣੇ ਆਈਆਂ ਤਸਵੀਰਾਂ ਵਿੱਚ ਪੱਬ ਦੇ ਅੰਦਰ ਕੁਰਸੀਆਂ, ਮੇਜ਼ ਅਤੇ ਹੋਰ ਸਾਮਾਨ ਸੜਿਆ ਹੋਇਆ ਅਤੇ ਅੰਦਰੂਨੀ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਹੋਇਆ ਨਜ਼ਰ ਆਇਆ। ਥਾਈਲੈਂਡ ਵਿੱਚ ਇਸ ਤਰ੍ਹਾਂ ਦੇ ਹਾਦਸੇ ਪਹਿਲਾਂ ਵੀ ਵਾਪਰ ਚੁੱਕੇ ਹਨ। ਸਾਲ 2022 ਵਿੱਚ ਦੇਸ਼ ਦੇ ਪੂਰਬੀ ਹਿੱਸੇ ਵਿੱਚ ਇੱਕ ਮਿਊਜ਼ਿਕ ਪੱਬ ਵਿੱਚ ਅੱਗ ਲੱਗਣ ਕਾਰਨ 14 ਲੋਕਾਂ ਦੀ ਮੌਤ ਹੋਈ ਸੀ। ਇਸ ਤੋਂ ਪਹਿਲਾਂ 1 ਜਨਵਰੀ 2009 ਨੂੰ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਬੈਂਕਾਕ ਦੇ 'ਸਾਂਤੀਕਾ' ਨਾਈਟ ਕਲੱਬ ਵਿੱਚ ਅੱਗ ਲੱਗਣ ਨਾਲ 66 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ 200 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ। ਉਸ ਹਾਦਸੇ ਦਾ ਕਾਰਨ ਕਲੱਬ ਦੇ ਅੰਦਰ ਕੀਤੀ ਗਈ ਆਤਿਸ਼ਬਾਜ਼ੀ ਦੱਸਿਆ ਗਿਆ ਸੀ।