ਲੁਧਿਆਣਾ ਦੇ ਪੀਜ਼ਾ ਆਉਟਲੈਟ ’ਤੇ ਗੋਲੀਬਾਰੀ, ਦੋ ਅਣਪਛਾਤੇ ਹਮਲਾਵਰਾਂ ਨੇ ਚਲਾਈਆਂ ਗੋਲੀਆਂ

ਲੁਧਿਆਣਾ ਦੇ ਪੀਜ਼ਾ ਆਉਟਲੈਟ ’ਤੇ ਗੋਲੀਬਾਰੀ, ਦੋ ਅਣਪਛਾਤੇ ਹਮਲਾਵਰਾਂ ਨੇ ਚਲਾਈਆਂ ਗੋਲੀਆਂ

ਲੁਧਿਆਣਾ ਦੇ ਭਾਈ ਰਣਧੀਰ ਸਿੰਘ ਨਗਰ ਇਲਾਕੇ ਵਿੱਚ ਮੰਗਲਵਾਰ ਰਾਤ ਇੱਕ ਪੀਜ਼ਾ ਆਉਟਲੈਟ ’ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਨਾਲ ਸਬੰਧਤ ਇੱਕ ਸੀ.ਸੀ.ਟੀ.ਵੀ. ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ। ਫੁਟੇਜ ਵਿੱਚ ਦੋ ਵਿਅਕਤੀ ਪੀਜ਼ਾ ਆਉਟਲੈਟ ’ਤੇ ਗੋਲੀਬਾਰੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਆਉਟਲੈਟ ਅੰਦਰ ਕੁਰਸੀ ’ਤੇ ਬੈਠਾ ਇੱਕ ਵਿਅਕਤੀ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਉੱਠਦਾ ਅਤੇ ਸੁਰੱਖਿਅਤ ਥਾਂ ਵੱਲ ਜਾਂਦਾ ਨਜ਼ਰ ਆ ਰਿਹਾ ਹੈ। ਪੁਲੀਸ ਮੁਤਾਬਕ, ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹਮਲਾਵਰਾਂ ਦੀ ਪਛਾਣ ਕਰਨ ਲਈ ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਇਸ ਦੌਰਾਨ ‘ਗੋਪੀ ਲਾਹੌਰੀਆ ਗਰੁੱਪ’ ਨਾਮ ਦੇ ਇੱਕ ਸੋਸ਼ਲ ਮੀਡੀਆ ਪੇਜ ਵੱਲੋਂ ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ। ਹਾਲਾਂਕਿ, ਪੁਲੀਸ ਨੇ ਕਿਹਾ ਹੈ ਕਿ ਉਹ ਇਸ ਸਬੰਧੀ ਇੰਸਟਾਗ੍ਰਾਮ ’ਤੇ ਕੀਤੀ ਗਈ ਪੋਸਟ ਦੀ ਪੁਸ਼ਟੀ ਕਰ ਰਹੀ ਹੈ। ਫਿਲਹਾਲ ਪੁਲੀਸ ਵੱਲੋਂ ਹਮਲਾਵਰਾਂ ਦੀ ਭਾਲ ਅਤੇ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।