ਸ਼ੁਭੇਂਦੂ ਅਧਿਕਾਰੀ ਸਰਕਾਰ ਦਾ ਮੰਤਰੀ ਮੰਡਲ ਹੋਇਆ ਮਜ਼ਬੂਤ, 35 ਨਵੇਂ ਚਿਹਰੇ ਸ਼ਾਮਲ

ਸ਼ੁਭੇਂਦੂ ਅਧਿਕਾਰੀ ਸਰਕਾਰ ਦਾ ਮੰਤਰੀ ਮੰਡਲ ਹੋਇਆ ਮਜ਼ਬੂਤ, 35 ਨਵੇਂ ਚਿਹਰੇ ਸ਼ਾਮਲ

ਪੱਛਮੀ ਬੰਗਾਲ ਦੀ ਨਵੀਂ ਚੁਣੀ ਗਈ ਭਾਜਪਾ ਸਰਕਾਰ ਵਿੱਚ ਮੰਤਰੀ ਮੰਡਲ ਦਾ ਪਹਿਲਾ ਵੱਡਾ ਵਿਸਥਾਰ ਕੀਤਾ ਗਿਆ ਹੈ। ਇਸ ਦੌਰਾਨ 35 ਨਵੇਂ ਮੰਤਰੀਆਂ ਨੂੰ ਅਹੁਦੇ ਅਤੇ ਭੇਦਗੁਪਤਤਾ ਦੀ ਸਹੁੰ ਚੁਕਾਈ ਗਈ। ਕੋਲਕਾਤਾ ਦੇ ਲੋਕ ਭਵਨ ਵਿੱਚ ਆਯੋਜਿਤ ਸਮਾਗਮ ਦੌਰਾਨ ਰਾਜਪਾਲ ਆਰ. ਐਨ. ਰਵੀ ਨੇ ਨਵੇਂ ਮੰਤਰੀਆਂ ਨੂੰ ਸਹੁੰ ਦਿਵਾਈ। ਕੈਬਨਿਟ ਵਿਸਥਾਰ ਤਹਿਤ 13 ਵਿਧਾਇਕਾਂ ਨੂੰ ਕੈਬਨਿਟ ਮੰਤਰੀ, 3 ਨੂੰ ਰਾਜ ਮੰਤਰੀ (ਸੁਤੰਤਰ ਪ੍ਰਭਾਰ) ਅਤੇ 19 ਨੂੰ ਰਾਜ ਮੰਤਰੀ ਬਣਾਇਆ ਗਿਆ ਹੈ। ਇਸ ਵਿਸਥਾਰ ਤੋਂ ਬਾਅਦ ਰਾਜ ਵਿੱਚ ਮੰਤਰੀ ਪ੍ਰੀਸ਼ਦ ਦੇ ਮੈਂਬਰਾਂ ਦੀ ਕੁੱਲ ਗਿਣਤੀ 41 ਹੋ ਗਈ ਹੈ। ਜਾਣਕਾਰੀ ਅਨੁਸਾਰ, ਪਿਛਲੇ ਹਫ਼ਤੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਅਤੇ ਪੱਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਨੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨਾਲ ਮੁਲਾਕਾਤ ਕਰਕੇ 35 ਨਵੇਂ ਮੰਤਰੀਆਂ ਦੇ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਸੀ। ਇਸ ਤੋਂ ਬਾਅਦ ਸੋਮਵਾਰ ਨੂੰ ਇਨ੍ਹਾਂ ਵਿਧਾਇਕਾਂ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਦੀ ਸ਼ੁਰੂਆਤ ਵਿੱਚ ਅਰਜੁਨ ਸਿੰਘ, ਤਾਪਸ ਰਾਏ, ਸ਼ਰਦਵਤ ਮੁਖਰਜੀ, ਜਗਨਨਾਥ ਚਟੋਪਾਧਿਆਏ ਅਤੇ ਸ਼ੰਕਰ ਘੋਸ਼ ਨੇ ਮੰਤਰੀ ਅਹੁਦੇ ਦੀ ਸਹੁੰ ਲਈ। ਇਸ ਤੋਂ ਬਾਅਦ ਦੂਜੇ ਪੜਾਅ ਵਿੱਚ ਭਾਜਪਾ ਵਿਧਾਇਕ ਦੀਪਕ ਬਰਮਨ, ਮਨੋਜ ਉਰਾਓਂ ਅਤੇ ਗੌਰੀ ਸ਼ੰਕਰ ਘੋਸ਼ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਅੱਗੇ ਚੱਲ ਕੇ ਸਵਪਨ ਦਾਸਗੁਪਤਾ ਅਤੇ ਦੁਧ ਕੁਮਾਰ ਮੰਡਲ ਨੇ ਵੀ ਮੰਤਰੀ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੀ। ਸ਼ੁਭੇਂਦੂ ਅਧਿਕਾਰੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਜੋਏਲ ਮੁਰਮੂ, ਅਸ਼ੋਕ ਡਿੰਡਾ ਅਤੇ ਆਨੰਦਮਈ ਬਰਮਨ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਇਸੇ ਤਰ੍ਹਾਂ ਕੌਸ਼ਿਕ ਚੌਧਰੀ, ਗਾਰਗੀ ਦਾਸ ਘੋਸ਼, ਭਾਸਕਰ ਭੱਟਾਚਾਰੀਆ, ਦਿਬਾਕਰ ਘਰਾਮੀ ਅਤੇ ਸੁਮਨਾ ਸਰਕਾਰ ਨੇ ਵੀ ਰਾਜ ਮੰਤਰੀ ਵਜੋਂ ਅਹੁਦਾ ਸੰਭਾਲਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 9 ਮਈ ਨੂੰ ਸ਼ੁਭੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਉਨ੍ਹਾਂ ਦੇ ਨਾਲ ਦਿਲੀਪ ਘੋਸ਼, ਅਗਨੀਮਿੱਤਰਾ ਪਾਲ, ਨਿਸ਼ੀਥ ਪ੍ਰਮਾਣਿਕ, ਅਸ਼ੋਕ ਕੀਰਤਨੀਆ ਅਤੇ ਕਸ਼ੂਦੀਰਾਮ ਟੂਡੂ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਲਈ ਸੀ।