ਅਮਰੀਕਾ 'ਚ ਪੰਜਾਬੀ ਵਿਅਕਤੀ ਗ੍ਰਿਫ਼ਤਾਰ: ਪਿਜ਼ਾ ਰੈਸਟੋਰੈਂਟ ਦੀ ਆੜ 'ਚ ਚਲਾ ਰਿਹਾ ਸੀ ਕੌਮਾਂਤਰੀ ਡਰੱਗ ਸਿੰਡੀਕੇਟ
- ਵਿਦੇਸ਼
- (Asia/Kolkata)
ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸਥਾਨਕ ਪੁਲਿਸ ਅਤੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਦੀ ਇੱਕ ਸਾਂਝੀ ਕਾਰਵਾਈ ਦੌਰਾਨ ਪੰਜਾਬ ਨਾਲ ਸਬੰਧਤ 50 ਸਾਲਾ ਕੰਵਲਪ੍ਰੀਤ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ 'ਤੇ ਪਿਜ਼ਾ ਰੈਸਟੋਰੈਂਟ ਦੇ ਕਾਰੋਬਾਰ ਦੀ ਆੜ ਹੇਠ ਇੱਕ ਕੌਮਾਂਤਰੀ ਡਰੱਗ ਸਿੰਡੀਕੇਟ ਚਲਾਉਣ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਜਾਂਚ ਏਜੰਸੀਆਂ ਵੱਲੋਂ ਦੋਸ਼ੀ ਦੇ ਟਿਕਾਣਿਆਂ 'ਤੇ ਕੀਤੀ ਗਈ ਛਾਪੇਮਾਰੀ ਦੌਰਾਨ 40 ਕਿਲੋਗ੍ਰਾਮ ਕੋਕੀਨ, ਕਈ ਪਿਸਤੌਲਾਂ ਅਤੇ ਵੱਡੀ ਮਾਤਰਾ ਵਿੱਚ ਅਮਰੀਕੀ ਡਾਲਰਾਂ ਦੀ ਨਕਦੀ ਬਰਾਮਦ ਕੀਤੀ ਗਈ ਹੈ। ਜਾਂਚ ਅਧਿਕਾਰੀਆਂ ਅਨੁਸਾਰ ਕੰਵਲਪ੍ਰੀਤ ਪਿਜ਼ਾ ਡਿਲੀਵਰੀ ਦੇ ਬਹਾਨੇ ਕੋਕੀਨ ਅਤੇ ਮੈਥ ਵਰਗੇ ਖ਼ਤਰਨਾਕ ਨਸ਼ਿਆਂ ਦੀ ਖੇਪ ਵੇਚਦਾ ਸੀ ਅਤੇ ਇਸੇ ਤਰੀਕੇ ਨਾਲ ਉਸ ਨੇ ਇੱਕ ਵੱਡਾ ਗੈਰ-ਕਾਨੂੰਨੀ ਨੈੱਟਵਰਕ ਤਿਆਰ ਕਰ ਲਿਆ ਸੀ। ਪੁਲਿਸ ਪੜਤਾਲ ਵਿੱਚ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਬਿਨਾਂ ਕਿਸੇ ਵੈਧ ਦਸਤਾਵੇਜ਼ ਦੇ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਰਹਿ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਸ ਨੇ ਆਪਣੇ ਰੈਸਟੋਰੈਂਟ ਦੀ ਵਰਤੋਂ ਨਸ਼ਿਆਂ ਦੇ ਕਾਰੋਬਾਰ ਨੂੰ ਛੁਪਾਉਣ ਲਈ ਕੀਤੀ। ਛਾਪੇਮਾਰੀ ਦੌਰਾਨ ਨਸ਼ਿਆਂ ਦੇ ਨਾਲ-ਨਾਲ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਫਿਲਹਾਲ ਮੁਲਜ਼ਮ ਵਿਰੁੱਧ ਡਰੱਗ ਤਸਕਰੀ, ਗੈਰ-ਕਾਨੂੰਨੀ ਹਥਿਆਰ ਰੱਖਣ ਅਤੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਨਾਲ ਸਬੰਧਤ ਗੰਭੀਰ ਧਾਰਾਵਾਂ ਤਹਿਤ ਅਦਾਲਤੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ ਸਾਬਤ ਹੋਣ ਦੀ ਸੂਰਤ ਵਿੱਚ ਉਸ ਨੂੰ ਲੰਬੀ ਜੇਲ੍ਹ ਦੀ ਸਜ਼ਾ ਅਤੇ ਭਾਰੀ ਆਰਥਿਕ ਜੁਰਮਾਨਾ ਹੋ ਸਕਦਾ ਹੈ।
Leave a Reply