ਟਰੰਪ-ਮਰਜ਼ ਤਣਾਅ ਦੇ ਵਿਚਕਾਰ ਜਰਮਨੀ ਵਿੱਚੋਂ ਅਮਰੀਕੀ ਫੌਜਾਂ ਦੀ ਵਾਪਸੀ ਦਾ ਐਲਾਨ

ਟਰੰਪ-ਮਰਜ਼ ਤਣਾਅ ਦੇ ਵਿਚਕਾਰ ਜਰਮਨੀ ਵਿੱਚੋਂ ਅਮਰੀਕੀ ਫੌਜਾਂ ਦੀ ਵਾਪਸੀ ਦਾ ਐਲਾਨ

ਅਮਰੀਕਾ ਨੇ ਜਰਮਨੀ ਵਿੱਚ ਤਾਇਨਾਤ ਆਪਣੇ ਲਗਭਗ 5,000 ਸੈਨਿਕ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ। ਅਮਰੀਕੀ ਰੱਖਿਆ ਮੰਤਰਾਲੇ ਦੇ ਮੁਤਾਬਕ ਇਹ ਪ੍ਰਕਿਰਿਆ ਅਗਲੇ ਛੇ ਤੋਂ ਬਾਰਾਂ ਮਹੀਨਿਆਂ ਵਿੱਚ ਪੂਰੀ ਕੀਤੀ ਜਾਵੇਗੀ। ਇਹ ਫੈਸਲਾ ਅਮਰੀਕੀ ਰਾਸ਼ਟਰਪਤੀ Donald Trump ਅਤੇ ਜਰਮਨ ਚਾਂਸਲਰ Friedrich Merz ਵਿਚਕਾਰ ਤਾਜ਼ਾ ਤਣਾਅ ਤੋਂ ਬਾਅਦ ਸਾਹਮਣੇ ਆਇਆ ਹੈ। ਜਰਮਨ ਚਾਂਸਲਰ ਫ੍ਰੈਡਰਿਕ ਮਰਜ਼ ਨੇ ਪਿਛਲੇ ਮਹੀਨੇ ਇੱਕ ਸਮਾਗਮ ਦੌਰਾਨ ਅਮਰੀਕਾ ਦੀ ਰਣਨੀਤੀ ’ਤੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਕਿਹਾ ਸੀ ਕਿ ਅਮਰੀਕਾ ਕੋਲ ਸਪਸ਼ਟ ਯੋਜਨਾ ਦੀ ਘਾਟ ਹੈ ਅਤੇ ਉਹ ਨਹੀਂ ਜਾਣਦਾ ਕਿ ਚੱਲ ਰਹੇ ਸੰਘਰਸ਼ ਤੋਂ ਕਿਵੇਂ ਬਾਹਰ ਨਿਕਲਣਾ ਹੈ। ਮਰਜ਼ ਨੇ ਇਹ ਵੀ ਦਾਅਵਾ ਕੀਤਾ ਕਿ ਈਰਾਨ ਗੱਲਬਾਤ ਤੋਂ ਬਚਣ ਵਿੱਚ ਮਾਹਰ ਹੈ ਅਤੇ ਅਮਰੀਕਾ ਨੂੰ ਬਿਨਾਂ ਕਿਸੇ ਠੋਸ ਨਤੀਜੇ ਦੇ ਵਾਪਸ ਆਉਣਾ ਪਿਆ ਹੈ। ਇਨ੍ਹਾਂ ਬਿਆਨਾਂ ਤੋਂ ਬਾਅਦ ਡੋਨਾਲਡ ਟਰੰਪ ਨੇ ਕੜੀ ਪ੍ਰਤੀਕਿਰਿਆ ਦਿੰਦਿਆਂ ਮਰਜ਼ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਮਰਜ਼ ਦੀ ਸੋਚ ਹਕੀਕਤ ਤੋਂ ਦੂਰ ਹੈ ਅਤੇ ਉਹ ਈਰਾਨ ਦੇ ਮਸਲੇ ਨੂੰ ਠੀਕ ਤਰੀਕੇ ਨਾਲ ਨਹੀਂ ਸਮਝ ਰਹੇ। ਮੀਡੀਆ ਰਿਪੋਰਟਾਂ ਅਨੁਸਾਰ, ਜਰਮਨੀ ਵਿੱਚ ਇਸ ਸਮੇਂ 36,000 ਤੋਂ ਵੱਧ ਅਮਰੀਕੀ ਸੈਨਿਕ ਤਾਇਨਾਤ ਹਨ, ਜੋ ਜਾਪਾਨ ਤੋਂ ਬਾਅਦ ਦੂਜੀ ਸਭ ਤੋਂ ਵੱਡੀ ਤਾਇਨਾਤੀ ਹੈ। ਜਾਪਾਨ ਵਿੱਚ ਕਰੀਬ 55,000 ਅਮਰੀਕੀ ਸੈਨਿਕ ਮੌਜੂਦ ਹਨ। ਇਸ ਤੋਂ ਇਲਾਵਾ, ਲਗਭਗ 12,000 ਸੈਨਿਕ ਇਟਲੀ ਅਤੇ ਕਰੀਬ 10,000 ਬ੍ਰਿਟੇਨ ਵਿੱਚ ਤਾਇਨਾਤ ਹਨ। ਜਰਮਨੀ ਵਿੱਚ ਅਮਰੀਕੀ ਫੌਜੀ ਅੱਡੇ ਲੰਬੇ ਸਮੇਂ ਤੋਂ ਯੂਰਪ ਵਿੱਚ ਅਮਰੀਕਾ ਦੀ ਰਣਨੀਤਕ ਮੌਜੂਦਗੀ ਦਾ ਅਹਿਮ ਹਿੱਸਾ ਰਹੇ ਹਨ। ਇਸ ਦੇ ਨਾਲ ਹੀ, ਈਰਾਨ ਦੇ ਮਸਲੇ ਨੂੰ ਲੈ ਕੇ ਅਮਰੀਕਾ ਅਤੇ ਯੂਰਪੀ ਦੇਸ਼ਾਂ ਵਿਚਕਾਰ ਤਣਾਅ ਵਧਦਾ ਜਾ ਰਿਹਾ ਹੈ। ਯੂਰਪੀ ਦੇਸ਼ਾਂ ਵੱਲੋਂ ਈਰਾਨ ਨਾਲ ਸੰਬੰਧਤ ਸੰਘਰਸ਼ ਵਿੱਚ ਅਮਰੀਕਾ ਦਾ ਸਮਰਥਨ ਕਰਨ ਤੋਂ ਇਨਕਾਰ ਕਰਨ ਕਾਰਨ ਟਰੰਪ ਨੇ ਉਨ੍ਹਾਂ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਯੂਰਪੀ ਦੇਸ਼ਾਂ ਨੂੰ ਸਿਰਫ਼ “ਕਾਗਜ਼ੀ ਸ਼ੇਰ” ਕਹਿੰਦੇ ਹੋਏ ਦੋਸ਼ ਲਗਾਇਆ ਕਿ ਉਹ ਅਸਲ ਮੌਕੇ ’ਤੇ ਸਾਥ ਨਹੀਂ ਦਿੰਦੇ। ਇਸ ਪਿੱਛੋਕੜ ਵਿੱਚ ਟਰੰਪ ਨੇ ਇਟਲੀ ਅਤੇ ਸਪੇਨ ਤੋਂ ਵੀ ਫੌਜਾਂ ਵਾਪਸ ਬੁਲਾਉਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਦੇਸ਼ ਈਰਾਨ ਦੇ ਖਿਲਾਫ਼ ਅਮਰੀਕਾ ਦਾ ਪੂਰਾ ਸਹਿਯੋਗ ਨਹੀਂ ਕਰ ਰਹੇ। ਇਸ ਤਰ੍ਹਾਂ ਦੇ ਫੈਸਲਿਆਂ ਨਾਲ ਨਾਟੋ ਦੇ ਅੰਦਰ ਮਤਭੇਦ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।