ਐੱਸ.ਬੀ.ਆਈ. ਗਾਹਕ ਧਿਆਨ ਦੇਣ: ਛੇ ਦਿਨ ਤੱਕ ਬੈਂਕਿੰਗ ਸੇਵਾਵਾਂ ਰਹਿ ਸਕਦੀਆਂ ਹਨ ਪ੍ਰਭਾਵਿਤ

ਐੱਸ.ਬੀ.ਆਈ. ਗਾਹਕ ਧਿਆਨ ਦੇਣ: ਛੇ ਦਿਨ ਤੱਕ ਬੈਂਕਿੰਗ ਸੇਵਾਵਾਂ ਰਹਿ ਸਕਦੀਆਂ ਹਨ ਪ੍ਰਭਾਵਿਤ

State Bank of India (ਐੱਸ.ਬੀ.ਆਈ.) ਦੇ ਗਾਹਕਾਂ ਲਈ ਅਹਿਮ ਖਬਰ ਸਾਹਮਣੇ ਆਈ ਹੈ। 23 ਮਈ 2026 ਤੋਂ ਬੈਂਕ ਦੀਆਂ ਸ਼ਾਖਾਵਾਂ ਲਗਾਤਾਰ ਛੇ ਦਿਨਾਂ ਤੱਕ ਬੰਦ ਰਹਿ ਸਕਦੀਆਂ ਹਨ, ਜਿਸ ਕਾਰਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ, ਐੱਸ.ਬੀ.ਆਈ. ਦੀਆਂ ਸ਼ਾਖਾਵਾਂ ਵੀਕੈਂਡ ਛੁੱਟੀਆਂ, ਪ੍ਰਸਤਾਵਿਤ ਦੋ ਦਿਨਾਂ ਦੀ ਹੜਤਾਲ ਅਤੇ Reserve Bank of India ਵੱਲੋਂ ਈਦ-ਉਲ-ਅਜ਼ਹਾ (ਬਕਰੀਦ) ਮੌਕੇ ਐਲਾਨੀਆਂ ਛੁੱਟੀਆਂ ਕਾਰਨ ਬੰਦ ਰਹਿ ਸਕਦੀਆਂ ਹਨ। ਆਰ.ਬੀ.ਆਈ. ਦੇ ਛੁੱਟੀਆਂ ਕੈਲੰਡਰ ਮੁਤਾਬਕ, ਜੰਮੂ-ਕਸ਼ਮੀਰ ਵਿੱਚ ਬਕਰੀਦ ਦੇ ਮੌਕੇ ‘ਤੇ 27 ਅਤੇ 28 ਮਈ ਨੂੰ ਬੈਂਕਾਂ ਦੀ ਛੁੱਟੀ ਰਹੇਗੀ। ਇਸ ਕਾਰਨ ਉਥੇ ਬੈਂਕਿੰਗ ਕੰਮਕਾਜ ਦੋ ਦਿਨਾਂ ਲਈ ਪ੍ਰਭਾਵਿਤ ਰਹਿ ਸਕਦਾ ਹੈ। ਇਸ ਤੋਂ ਪਹਿਲਾਂ 23 ਅਤੇ 24 ਮਈ ਨੂੰ ਵੀ ਐੱਸ.ਬੀ.ਆਈ. ਦੀਆਂ ਸ਼ਾਖਾਵਾਂ ਬੰਦ ਰਹਿਣਗੀਆਂ। 23 ਮਈ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਅਤੇ 24 ਮਈ ਨੂੰ ਐਤਵਾਰ ਹੋਣ ਕਾਰਨ ਬੈਂਕਾਂ ਵਿੱਚ ਆਮ ਛੁੱਟੀ ਰਹੇਗੀ। ਭਾਰਤ ਵਿੱਚ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿੰਦੇ ਹਨ। ਇਸ ਦੇ ਨਾਲ ਹੀ 25 ਅਤੇ 26 ਮਈ 2026 ਨੂੰ ਐੱਸ.ਬੀ.ਆਈ. ਸਟਾਫ ਫੈਡਰੇਸ਼ਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਦੋ ਦਿਨਾਂ ਦੀ ਪ੍ਰਸਤਾਵਿਤ ਹੜਤਾਲ ਦਾ ਨੋਟਿਸ ਦਿੱਤਾ ਗਿਆ ਹੈ। ਜੇਕਰ ਇਹ ਹੜਤਾਲ ਹੁੰਦੀ ਹੈ ਤਾਂ ਬੈਂਕਾਂ ਦੇ ਰੋਜ਼ਾਨਾ ਕੰਮਕਾਜ ਅਤੇ ਗਾਹਕ ਸੇਵਾਵਾਂ ‘ਤੇ ਅਸਰ ਪੈ ਸਕਦਾ ਹੈ। ਗਾਹਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਆਪਣੇ ਜ਼ਰੂਰੀ ਬੈਂਕਿੰਗ ਕੰਮ ਪਹਿਲਾਂ ਹੀ ਨਿਪਟਾ ਲੈਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਦਿੱਕਤ ਤੋਂ ਬਚਿਆ ਜਾ ਸਕੇ।