ਮਹਿੰਗਾਈ ਤੇ ਬੇਰੁਜ਼ਗਾਰੀ ਭਾਰਤੀਆਂ ਦੀਆਂ ਸਭ ਤੋਂ ਵੱਡੀਆਂ ਚਿੰਤਾਵਾਂ: ਸਰਵੇਖਣ
- ਦੇਸ਼
- (Asia/Kolkata)
ਇੱਕ ਗਲੋਬਲ ਸਰਵੇਖਣ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਭਾਰਤੀ ਨਾਗਰਿਕਾਂ ਲਈ ਮਹਿੰਗਾਈ ਅਤੇ ਬੇਰੁਜ਼ਗਾਰੀ ਸਭ ਤੋਂ ਵੱਡੀਆਂ ਚਿੰਤਾਵਾਂ ਹਨ। ਇਸ ਦੇ ਨਾਲ ਹੀ ਸਿੱਖਿਆ, ਅਪਰਾਧ ਅਤੇ ਹਿੰਸਾ, ਵਿੱਤੀ ਅਤੇ ਰਾਜਨੀਤਿਕ ਭ੍ਰਿਸ਼ਟਾਚਾਰ ਵੀ ਮੁੱਖ ਮੁੱਦੇ ਵਜੋਂ ਦਰਜ ਕੀਤੇ ਗਏ ਹਨ। ਇਸ ਦੇ ਬਾਵਜੂਦ, ਭਾਰਤ ਉਹਨਾਂ ਚੋਟੀ ਦੇ ਪੰਜ ਦੇਸ਼ਾਂ ਵਿੱਚ ਸ਼ਾਮਲ ਹੈ ਜਿੱਥੇ ਦੇ ਨਾਗਰਿਕ ਮੰਨਦੇ ਹਨ ਕਿ ਉਹਨਾਂ ਦਾ ਦੇਸ਼ ਸਹੀ ਦਿਸ਼ਾ ਵੱਲ ਅੱਗੇ ਵੱਧ ਰਿਹਾ ਹੈ। ਦੁਨੀਆ ਦੀ ਪ੍ਰਮੁੱਖ ਮਾਰਕੀਟ ਰਿਸਰਚ ਕੰਪਨੀ ਇਪਸੋਸ ਵੱਲੋਂ ਜਾਰੀ “ਵਟ ਵਰੀਜ਼ ਦ ਵਰਲਡ” ਰਿਪੋਰਟ ਅਨੁਸਾਰ, ਭਾਰਤ ਦੇ ਨਾਲ ਸਿੰਗਾਪੁਰ, ਮਲੇਸ਼ੀਆ, ਦੱਖਣੀ ਕੋਰੀਆ ਅਤੇ ਥਾਈਲੈਂਡ ਵਰਗੇ ਏਸ਼ੀਆਈ ਦੇਸ਼ ਵਿਸ਼ਵ ਪੱਧਰ ’ਤੇ ਆਸ਼ਾਵਾਦ ਦੇ ਕੇਂਦਰ ਵਜੋਂ ਉਭਰੇ ਹਨ। ਇਸਦੇ ਉਲਟ, ਸਰਵੇਖਣ ਵਿੱਚ ਸ਼ਾਮਲ 29 ਵਿੱਚੋਂ 25 ਦੇਸ਼ਾਂ ਦੇ ਲੋਕਾਂ ਦਾ ਮੰਨਣਾ ਹੈ ਕਿ ਉਹਨਾਂ ਦਾ ਦੇਸ਼ ਗਲਤ ਦਿਸ਼ਾ ਵਿੱਚ ਜਾ ਰਿਹਾ ਹੈ। ਇਪਸੋਸ ਇੰਡੀਆ ਦੇ ਸੀਈਓ ਸੁਰੇਸ਼ ਰਾਮਾਲਿੰਗਮ ਨੇ ਕਿਹਾ ਕਿ ਘਰੇਲੂ ਚੁਣੌਤੀਆਂ ਅਤੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਵਾਂ ਕਾਰਨ ਪੈਦਾ ਹੋ ਰਹੇ ਵਿਸ਼ਵ ਪੱਧਰੀ ਵਿਘਨਾਂ ਦੇ ਬਾਵਜੂਦ ਭਾਰਤ ਨੇ ਮਜ਼ਬੂਤੀ ਦਿਖਾਈ ਹੈ। ਉਨ੍ਹਾਂ ਦੱਸਿਆ ਕਿ ਤੇਲ ਸੰਕਟ ਵਰਗੇ ਮੁੱਦਿਆਂ ’ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਸਰਗਰਮ ਯਤਨਾਂ ਨੇ ਲੋਕਾਂ ਦੇ ਭਰੋਸੇ ਨੂੰ ਬਣਾਈ ਰੱਖਿਆ ਹੈ। ਰਿਪੋਰਟ ਵਿੱਚ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਪੱਛਮੀ ਏਸ਼ੀਆ ਵਿੱਚ ਤਣਾਅ ਘੱਟ ਨਹੀਂ ਹੁੰਦਾ ਤਾਂ ਤੇਲ ਅਤੇ ਗੈਸ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ, ਜਿਸ ਨਾਲ ਇਹ ਸਥਿਤੀ ਵੱਡੇ ਗਲੋਬਲ ਸੰਕਟ ਵਿੱਚ ਤਬਦੀਲ ਹੋ ਸਕਦੀ ਹੈ। ਇਸ ਸੰਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਆਪਣੇ ਤੇਲ ਆਯਾਤ ਸਰੋਤਾਂ ਵਿੱਚ ਵਿਭਿੰਨਤਾ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।
Leave a Reply