ਅੰਬ ਸਾਹਿਬ ਦੀ ਜ਼ਮੀਨ ਵੇਚਣ ਦੇ ਮਾਮਲੇ ‘ਚ ਕੇਸ ਦਰਜ, ਜਾਂਚ ਸ਼ੁਰੂ

ਅੰਬ ਸਾਹਿਬ ਦੀ ਜ਼ਮੀਨ ਵੇਚਣ ਦੇ ਮਾਮਲੇ ‘ਚ ਕੇਸ ਦਰਜ, ਜਾਂਚ ਸ਼ੁਰੂ

ਮੁਲਜ਼ਮਾਂ ’ਚ ਸਾਬਕਾ ਮੈਨੇਜਰ, ਲੰਗਰ ਜਥੇਦਾਰ ਤੇ ਪੰਜ ਖਰੀਦਦਾਰ ਸ਼ਾਮਲ ਮੁਹਾਲੀ ਦੇ ਫੇਜ਼ 8 ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੀ ਸੈਕਟਰ 101 ਆਈ ਟੀ ਸਿਟੀ ਦੇ ਪਿੰਡ ਸੈਣੀਮਾਜਰਾ ਵਿਚਲੀ 44 ਮਰਲੇ ਜ਼ਮੀਨ ਵੇਚਣ ਦੇ ਮਾਮਲੇ ਵਿਚ ਗੁਰਦੁਆਰਾ ਅੰਬ ਸਾਹਿਬ ਦੇ ਮੁਅੱਤਲ ਮੈਨੇਜਰ ਰਾਜਿੰਦਰ ਸਿੰਘ ਟੌਹੜਾ, ਲੰਗਰ ਜਥੇਦਾਰ ਜਗਤਾਰ ਸਿੰਘ ਤੋਂ ਇਲਾਵਾ ਸਬੰਧਤ ਜ਼ਮੀਨ ਦੇ ਖਰੀਦਦਾਰਾਂ ਪਿੰਡ ਸੈਣੀਮਾਜਰਾ ਦੇ ਵਸਨੀਕ ਗੁਰਿੰਦਰ ਸਿੰਘ, ਤਲਵਿੰਦਰ ਸਿੰਘ, ਸਤਵੀਰ ਸਿੰਘ, ਬਲਜਿੰਦਰ ਸਿੰਘ ਅਤੇ ਜਸਵੰਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਥਾਣਾ ਸੋਹਾਣਾ ’ਚ ਇਹ ਕੇਸ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਦੇ ਬਿਆਨਾਂ ’ਤੇ ਦਰਜ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਉਪਰੋਕਤ ਵਿਅਕਤੀਆਂ ਨੇ ਜਾਅਲਸਾਜ਼ੀ ਕਰਕੇ ਅੰਬ ਸਾਹਿਬ ਦੀ ਜ਼ਮੀਨ ਦੀ 2-12-2025 ਨੂੰ ਰਜਿਸਟਰੀ ਕਰਾਈ ਹੈ। ਸਕੱਤਰ ਨੇ ਕਿਹਾ ਕਿ ਉਨ੍ਹਾਂ ਦੇ ਹਸਤਾਖ਼ਰਾਂ ਵਾਲਾ 15-10-2025 ਨੂੰ ਜਾਰੀ ਹੋਇਆ ਵਿਖਾਇਆ ਗਿਆ ਪੱਤਰ ਵੀ ਜਾਅਲੀ ਤਿਆਰ ਕੀਤਾ ਗਿਆ। ਕਾਨੂੰਨ ਅਨੁਸਾਰ ਗੁਰਦੁਆਰੇ ਦੀ ਜ਼ਮੀਨ ਵੇਚਣ ਦਾ ਕਿਸੇ ਕੋਲ ਕੋਈ ਅਧਿਕਾਰ ਨਹੀਂ ਹੈ ਤੇ ਸਬੰਧਤ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਵੱਲੋਂ ਵੀ ਕੋਈ ਮਤਾ ਪਾਸ ਨਹੀਂ ਕੀਤਾ ਗਿਆ। ਦੂਜੇ ਪਾਸੇ ਜ਼ਮੀਨ ਖਰੀਦਣ ਵਾਲੇ ਗੁਰਿੰਦਰ ਸਿੰਘ, ਤਲਵਿੰਦਰ ਸਿੰਘ, ਸਤਵੀਰ ਸਿੰਘ, ਬਲਜਿੰਦਰ ਸਿੰਘ ਅਤੇ ਜਸਵੰਤ ਸਿੰਘ ਨੇ ਉਨ੍ਹਾਂ ਖ਼ਿਲਾਫ਼ ਦਰਜ ਹੋਏ ਪਰਚੇ ’ਤੇ ਹੈਰਾਨੀ ਪ੍ਰਗਟ ਕਰਦਿਆਂ ਮੁੱਖ ਮੰਤਰੀ ਅਤੇ ਡੀ ਜੀ ਪੀ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ। ਸਬੰਧਤ ਥਾਂ ’ਤੇ ਉਨ੍ਹਾਂ ਦੇ 80-90 ਸਾਲ ਪੁਰਾਣੇ ਮਕਾਨ ਬਣੇ ਹੋਏ ਹਨ। ਉਨ੍ਹਾਂ ਦੇ ਪੁਰਖ਼ਿਆਂ ਨੇ ਸ਼੍ਰੋਮਣੀ ਕਮੇਟੀ ਨੂੰ 23 ਏਕੜ ਜ਼ਮੀਨ ਦਾਨ ਕੀਤੀ ਸੀ, ਜਿਸ ਵਿੱਚੋਂ ਐਕੁਆਇਰ ਜ਼ਮੀਨ ਦੀ 60 ਕਰੋੜ ਦੇ ਕਰੀਬ ਰਾਸ਼ੀ, ਬਾਕੀ ਜ਼ਮੀਨ ਦੀਆਂ ਐੱਲ ਓ ਆਈਜ਼ ਆਪਣੇ ਨਾਮ ਗਿਰਦਾਵਰੀਆਂ ਹੋਣ ਦੇ ਬਾਵਜੂਦ ਬਿਨਾਂ ਕਿਸੇ ਅੜਿੱਕੇ ਤੋਂ ਗਮਾਡਾ ਦੇ ਦਫ਼ਤਰ ਜਾ ਕੇ ਬਿਆਨ ਦੇ ਕੇ ਅੰਬ ਸਾਹਿਬ ਨੂੰ ਚੁਕਵਾਈ। ਉਨ੍ਹਾਂ ਕਿਹਾ ਕਿ ਮੈਨੇਜਰ ਰਾਜਿੰਦਰ ਸਿੰਘ ਨੇ ਉਨ੍ਹਾਂ ਕੋਲ ਵਾਰ-ਵਾਰ ਆ ਕੇ, ਉਨ੍ਹਾਂ ਦੇ ਮਕਾਨ ਢਾਹੁਣ ਦਾ ਡਰਾਵਾ ਦੇ ਕੇ ਜ਼ਮੀਨ ਖਰੀਦਣ ਲਈ ਦਬਾਅ ਬਣਾਇਆ। ਮੈਨੇਜਰ ਨੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਸਕੱਤਰ ਦੇ ਦਸਤਖ਼ਤਾਂ ਵਾਲਾ ਪੱਤਰ ਦਿਖਾਇਆ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਮਨਜ਼ੂਰੀ ਪੱਤਰ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਇਨਸਾਫ਼ ਦੀ ਗੁਹਾਰ ਲਗਾਈ ਹੈ।