ਬਠਿੰਡਾ 'ਚ ਨਹਿਰ ਵਿੱਚ ਨਹਾਉਣ ਦੌਰਾਨ 15 ਸਾਲਾ ਨਾਬਾਲਗ ਦੀ ਡੁੱਬਣ ਨਾਲ ਮੌਤ

ਬਠਿੰਡਾ 'ਚ ਨਹਿਰ ਵਿੱਚ ਨਹਾਉਣ ਦੌਰਾਨ 15 ਸਾਲਾ ਨਾਬਾਲਗ ਦੀ ਡੁੱਬਣ ਨਾਲ ਮੌਤ

ਬਠਿੰਡਾ ਵਿੱਚ ਨਹਿਰ ਵਿੱਚ ਨਹਾਉਣ ਦੌਰਾਨ ਇੱਕ 15 ਸਾਲਾ ਨਾਬਾਲਗ ਦੀ ਡੁੱਬਣ ਕਾਰਨ ਮੌਤ ਹੋ ਜਾਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਉਨਾਲ (15), ਪੁੱਤਰ ਪ੍ਰੇਮ ਕੁਮਾਰ, ਵਾਸੀ ਜਨਤਾ ਨਗਰ, ਬਠਿੰਡਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਉਨਾਲ ਆਪਣੇ ਕੁਝ ਸਾਥੀਆਂ ਨਾਲ ਨਹਿਰ ਵਿੱਚ ਨਹਾਉਣ ਲਈ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਤੈਰਨਾ ਨਹੀਂ ਆਉਂਦਾ ਸੀ। ਨਹਾਉਣ ਦੌਰਾਨ ਉਹ ਅਚਾਨਕ ਪਾਣੀ ਦੇ ਤੇਜ਼ ਵਹਾਅ ਵਿੱਚ ਫਸ ਗਿਆ ਅਤੇ ਡੂੰਘੇ ਪਾਣੀ ਵਿੱਚ ਰੁੜ੍ਹ ਗਿਆ। ਉਸ ਦੇ ਸਾਥੀਆਂ ਵੱਲੋਂ ਰੌਲਾ ਪਾਉਣ ਤੋਂ ਬਾਅਦ ਘਟਨਾ ਦੀ ਸੂਚਨਾ ਤੁਰੰਤ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਦਿੱਤੀ ਗਈ। ਸੂਚਨਾ ਮਿਲਣ ਉਪਰੰਤ ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਐਨਡੀਆਰਐੱਫ (NDRF) ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਸਾਂਝੇ ਤੌਰ 'ਤੇ ਬੱਚੇ ਦੀ ਭਾਲ ਸ਼ੁਰੂ ਕੀਤੀ। ਕਾਫ਼ੀ ਮੁਸ਼ੱਕਤ ਤੋਂ ਬਾਅਦ ਬੱਚੇ ਨੂੰ ਨਹਿਰ ਵਿੱਚੋਂ ਬਾਹਰ ਕੱਢ ਕੇ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਮਗਰੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਹਾਦਸੇ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ, ਜਦਕਿ ਇਲਾਕਾ ਵਾਸੀਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਗਰਮੀਆਂ ਦੇ ਮੌਸਮ ਦੌਰਾਨ ਨਹਿਰਾਂ ਵਿੱਚ ਡੁੱਬਣ ਦੀਆਂ ਵੱਧ ਰਹੀਆਂ ਘਟਨਾਵਾਂ ਇੱਕ ਵਾਰ ਫਿਰ ਚਿੰਤਾ ਦਾ ਵਿਸ਼ਾ ਬਣ ਗਈਆਂ ਹਨ। ਪ੍ਰਸ਼ਾਸਨ ਵੱਲੋਂ ਲੋਕਾਂ, ਖ਼ਾਸ ਕਰਕੇ ਮਾਪਿਆਂ ਨੂੰ ਅਪੀਲ ਕੀਤੀ ਜਾਂਦੀ ਰਹੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਨਹਿਰਾਂ ਅਤੇ ਹੋਰ ਡੂੰਘੇ ਜਲ ਸਰੋਤਾਂ ਵਿੱਚ ਨਹਾਉਣ ਤੋਂ ਰੋਕਣ, ਤਾਂ ਜੋ ਅਜਿਹੇ ਮੰਦਭਾਗੇ ਹਾਦਸਿਆਂ ਤੋਂ ਬਚਿਆ ਜਾ ਸਕੇ।