ਫਿਰੋਜ਼ਾਬਾਦ ਬਾਲ ਕਤਲ ਕੇਸ: ਭਤੀਜੇ ਦੀ ਹੱਤਿਆ ਕਰਨ ਵਾਲੇ ਨੂੰ ਅਦਾਲਤ ਨੇ ਸੁਣਾਈ ਫਾਂਸੀ
- ਦੇਸ਼
- (Asia/Kolkata)
ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਵਿੱਚ ਡੇਢ ਸਾਲ ਦੇ ਮਾਸੂਮ ਬੱਚੇ ਦੀ ਹੱਤਿਆ ਦੇ ਮਾਮਲੇ ਵਿੱਚ ਅਦਾਲਤ ਨੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਸਰਕਾਰੀ ਵਕੀਲ ਮੁਤਾਬਕ, ਦੋਸ਼ੀ ਨੇ ਆਪਣੇ ਭਤੀਜੇ ਨੂੰ ਵਾਰ-ਵਾਰ ਜ਼ਮੀਨ 'ਤੇ ਸੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਜ਼ਿਲ੍ਹਾ ਸਰਕਾਰੀ ਵਕੀਲ ਰਾਜੀਵ ਉਪਾਧਿਆਏ ਨੇ ਦੱਸਿਆ ਕਿ ਅਦਾਲਤ ਨੇ ਵੀਰਵਾਰ ਨੂੰ ਜਤਿੰਦਰ ਪਾਠਕ ਉਰਫ਼ ਵਿਰਾਜ ਨੂੰ ਦੋਸ਼ੀ ਕਰਾਰ ਦਿੱਤਾ ਸੀ, ਜਦਕਿ ਸ਼ੁੱਕਰਵਾਰ ਨੂੰ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਮਾਮਲੇ ਦੇ ਵੇਰਵਿਆਂ ਅਨੁਸਾਰ, 30 ਮਈ ਨੂੰ ਵਿਰਾਜ ਬਾਮਈ ਪਿੰਡ ਦੀ ਰਹਿਣ ਵਾਲੀ ਆਪਣੀ ਭਰਜਾਈ ਰਤੀ ਕੋਲ ਗਿਆ, ਜੋ ਅਰੌਨ ਪੁਲੀਸ ਥਾਣਾ ਖੇਤਰ ਅਧੀਨ ਆਉਂਦੀ ਹੈ ਅਤੇ ਉਸ ਸਮੇਂ ਸ਼ਿਕੋਹਾਬਾਦ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਈ ਹੋਈ ਸੀ। ਦੋਸ਼ ਹੈ ਕਿ ਵਿਰਾਜ ਨੇ ਰਤੀ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ, ਪਰ ਉਸ ਨੇ ਇਹ ਪ੍ਰਸਤਾਵ ਠੁਕਰਾ ਦਿੱਤਾ। ਇਸਤਗਾਸਾ ਪੱਖ ਦੇ ਅਨੁਸਾਰ, ਪ੍ਰਸਤਾਵ ਰੱਦ ਹੋਣ ਤੋਂ ਬਾਅਦ ਵਿਰਾਜ ਨੇ ਗੁੱਸੇ ਵਿੱਚ ਆਪਣੀ ਭਰਜਾਈ ਦੇ ਡੇਢ ਸਾਲਾ ਪੁੱਤਰ ਆਰਵ ਨੂੰ ਵਾਰ-ਵਾਰ ਜ਼ਮੀਨ 'ਤੇ ਸੁੱਟਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਉਹ ਬੱਚੇ ਦੀ ਲਾਸ਼ ਆਪਣੇ ਮੋਢੇ 'ਤੇ ਚੁੱਕ ਕੇ ਲੈ ਗਿਆ। ਜਦੋਂ ਸਥਾਨਕ ਲੋਕਾਂ ਨੇ ਉਸ ਨੂੰ ਦੇਖਿਆ ਤਾਂ ਉਹ ਲਾਸ਼ ਨੂੰ ਉੱਥੇ ਹੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਨੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਚਾਰਜਸ਼ੀਟ ਦਾਇਰ ਕੀਤੀ ਅਤੇ ਸਿਰਫ਼ ਛੇ ਦਿਨਾਂ ਦੇ ਅੰਦਰ ਸਾਰੇ ਗਵਾਹਾਂ ਦੇ ਬਿਆਨ ਦਰਜ ਕਰਵਾਏ। ਸੁਣਵਾਈ ਦੌਰਾਨ ਇਸਤਗਾਸਾ ਪੱਖ ਨੇ 13 ਗਵਾਹ ਪੇਸ਼ ਕੀਤੇ, ਜਦਕਿ ਬਚਾਅ ਪੱਖ ਵੱਲੋਂ ਇੱਕ ਗਵਾਹ ਪੇਸ਼ ਕੀਤਾ ਗਿਆ। ਫਿਰੋਜ਼ਾਬਾਦ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਡਾ. ਬੱਬੂ ਸਾਰੰਗ ਨੇ ਇਸ ਮਾਮਲੇ ਦੀ ਸੁਣਵਾਈ ਨੂੰ ਤਰਜੀਹ ਦੇ ਆਧਾਰ 'ਤੇ ਪੂਰਾ ਕੀਤਾ। ਅਦਾਲਤ ਨੇ ਸਾਰੇ ਸਬੂਤਾਂ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ 'ਤੇ ਜਤਿੰਦਰ ਪਾਠਕ ਉਰਫ਼ ਵਿਰਾਜ ਨੂੰ ਦੋਸ਼ੀ ਕਰਾਰ ਦਿੰਦਿਆਂ ਮੌਤ ਦੀ ਸਜ਼ਾ ਸੁਣਾਈ। ਪੁਲੀਸ ਅਨੁਸਾਰ, ਪੁੱਛਗਿੱਛ ਦੌਰਾਨ ਵਿਰਾਜ ਨੇ ਦੱਸਿਆ ਸੀ ਕਿ ਉਹ ਆਪਣੇ ਭਰਾ ਦੀ ਪਤਨੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਅਤੇ ਉਸ ਦੇ ਮੁਤਾਬਕ ਬੱਚਾ ਇਸ ਵਿੱਚ ਰੁਕਾਵਟ ਸੀ।
Leave a Reply