JPSC-JSSC ਪ੍ਰੀਖਿਆਵਾਂ ਵਿੱਚ ਕਥਿਤ ਧਾਂਦਲੀ ਖ਼ਿਲਾਫ਼ ਵਿਦਿਆਰਥੀਆਂ ਦਾ ਰੋਸ, ਰਾਂਚੀ ’ਚ ਧਾਰਾ 144 ਲਾਗੂ
- ਦੇਸ਼
- (Asia/Kolkata)
ਝਾਰਖੰਡ ਵਿੱਚ ਵੱਖ-ਵੱਖ ਸਰਕਾਰੀ ਭਰਤੀ ਪ੍ਰੀਖਿਆਵਾਂ ਵਿੱਚ ਕਥਿਤ ਗੜਬੜੀਆਂ ਅਤੇ ਧਾਂਦਲੀਆਂ ਦੇ ਵਿਰੋਧ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਵਿਦਿਆਰਥੀਆਂ ਦਾ ਅੰਦੋਲਨ ਹੁਣ 16ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਸੋਮਵਾਰ ਨੂੰ ਵਿਦਿਆਰਥੀਆਂ ਵੱਲੋਂ ਕੀਤੇ ਜਾਣ ਵਾਲੇ ‘ਵਿਧਾਨ ਸਭਾ ਮਾਰਚ’ ਦੇ ਮੱਦੇਨਜ਼ਰ ਰਾਂਚੀ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਪ੍ਰਸ਼ਾਸਨ ਨੇ ਵਿਧਾਨ ਸਭਾ ਭਵਨ ਦੇ ਆਲੇ-ਦੁਆਲੇ ਧਾਰਾ 144 ਲਾਗੂ ਕਰ ਦਿੱਤੀ ਹੈ। ਸ਼ਹਿਰ ਦੇ ਪ੍ਰਮੁੱਖ ਚੌਕਾਂ ’ਤੇ ਬੈਰੀਕੇਡਿੰਗ ਕੀਤੀ ਗਈ ਹੈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲੀਸ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਵਿਦਿਆਰਥੀਆਂ ਨੂੰ ਸ਼ਾਂਤਮਈ ਮਾਰਚ ਦੀ ਅਪੀਲ ਏ.ਡੀ.ਜੀ. (ਹੈੱਡਕੁਆਰਟਰ) ਮਨੋਜ ਕੌਸ਼ਿਕ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਪਿਛਲੇ ਦੋ ਹਫ਼ਤਿਆਂ ਵਾਂਗ ਆਪਣਾ ਮਾਰਚ ਅਨੁਸ਼ਾਸਨਬੱਧ ਅਤੇ ਸ਼ਾਂਤਮਈ ਢੰਗ ਨਾਲ ਕੱਢਣ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਜ਼ਿੰਮੇਵਾਰੀ ਹੈ ਕਿ ਸ਼ਰਾਰਤੀ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਮਾਰਚ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਜਾਵੇ। ਰਾਂਚੀ ਦੇ ਐੱਸ.ਐੱਸ.ਪੀ. ਰਾਕੇਸ਼ ਰੰਜਨ ਨੇ ਕਿਹਾ ਕਿ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਪ੍ਰਦਰਸ਼ਨ ਕਾਰਨ ਕਿਸੇ ਵੀ ਵਿਦਿਆਰਥੀ ਦੇ ਕਰੀਅਰ ’ਤੇ ਮਾੜਾ ਪ੍ਰਭਾਵ ਨਾ ਪਵੇ। ਵਿਧਾਨ ਸਭਾ ਦੇ 750 ਮੀਟਰ ਦੇ ਘੇਰੇ ਵਿੱਚ ਪਾਬੰਦੀਆਂ ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਵਿਧਾਨ ਸਭਾ ਭਵਨ ਦੇ 750 ਮੀਟਰ ਦੇ ਘੇਰੇ ਵਿੱਚ 6 ਅਗਸਤ ਤੋਂ 12 ਅਗਸਤ ਤੱਕ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਧਾਰਾ 144 ਲਾਗੂ ਰਹੇਗੀ। ਇਸ ਤੋਂ ਇਲਾਵਾ ਰਾਂਚੀ ਵਿੱਚ ਪ੍ਰਸਤਾਵਿਤ ਮਾਰਚ ਦੇ ਪ੍ਰਭਾਵ ਨੂੰ ਦੇਖਦਿਆਂ ਐਤਵਾਰ ਅੱਧੀ ਰਾਤ ਤੋਂ ਜਮਸ਼ੇਦਪੁਰ ਵਿੱਚ ਵੀ ਅਜਿਹੇ ਪਾਬੰਦੀ ਵਾਲੇ ਹੁਕਮ ਲਾਗੂ ਕਰ ਦਿੱਤੇ ਗਏ ਹਨ। ਰਾਂਚੀ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਹਿੰਸਕ ਜਾਂ ਗੈਰ-ਕਾਨੂੰਨੀ ਪ੍ਰਦਰਸ਼ਨ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਭਾਜਪਾ ਨੇਤਾ ਨੇ ਸਰਕਾਰ ’ਤੇ ਲਾਇਆ ਦੋਸ਼ ਇਸ ਦੌਰਾਨ ਭਾਜਪਾ ਦੇ ਸੀਨੀਅਰ ਨੇਤਾ ਅਤੇ ਸੂਬਾ ਜਨਰਲ ਸਕੱਤਰ ਅਮਰ ਬਾਊਰੀ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਪਾਰਟੀ ਦੇ ਸੂਬਾ ਪ੍ਰਧਾਨ ਆਦਿੱਤਿਆ ਸਾਹੂ ਨੂੰ ਉਨ੍ਹਾਂ ਦੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਅਮਰ ਬਾਊਰੀ ਨੇ ਸਰਕਾਰ ਦੀ ਕਾਰਵਾਈ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਆਦਿੱਤਿਆ ਸਾਹੂ ਦੀ ਰਿਹਾਇਸ਼ ਦੇ ਬਾਹਰ ਭਾਰੀ ਪੁਲੀਸ ਬਲ ਤਾਇਨਾਤ ਕਰਕੇ ਸਰਕਾਰ ਵਿਦਿਆਰਥੀਆਂ ਦੇ ਅੰਦੋਲਨ ਨੂੰ ਦਬਾਉਣ ਵਿੱਚ ਸਫ਼ਲ ਨਹੀਂ ਹੋਵੇਗੀ। ਵਿਦਿਆਰਥੀਆਂ ਨੇ ਪੁਲੀਸ ’ਤੇ ਰੋਕਣ ਦੇ ਦੋਸ਼ ਲਾਏ ਦੂਜੇ ਪਾਸੇ, ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਦੋਸ਼ ਲਾਇਆ ਹੈ ਕਿ ਝਾਰਖੰਡ ਦੇ ਵੱਖ-ਵੱਖ ਹਿੱਸਿਆਂ ਤੋਂ ਰਾਜਧਾਨੀ ਰਾਂਚੀ ਆ ਰਹੇ ਸੈਂਕੜੇ ਵਿਦਿਆਰਥੀਆਂ ਨੂੰ ਪੁਲੀਸ ਵੱਲੋਂ ਜ਼ਬਰਦਸਤੀ ਰੋਕਿਆ ਜਾ ਰਿਹਾ ਹੈ। ਭਰਤੀ ਪ੍ਰੀਖਿਆਵਾਂ ਵਿੱਚ ਕਥਿਤ ਗੜਬੜੀਆਂ ਅਤੇ ਧਾਂਦਲੀਆਂ ਦੇ ਵਿਰੋਧ ਵਿੱਚ ਚੱਲ ਰਿਹਾ ਇਹ ਅੰਦੋਲਨ ਐਤਵਾਰ ਨੂੰ 16ਵੇਂ ਦਿਨ ਵਿੱਚ ਦਾਖਲ ਹੋਇਆ। ਇਸ ਦੌਰਾਨ 6 ਵਿਦਿਆਰਥੀ ਪਿਛਲੇ ਕੁਝ ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਹੋਏ ਹਨ।
Leave a Reply