ਮੁੱਖ ਚੋਣ ਕਮਿਸ਼ਨਰ ਨੂੰ ਬਚਾਉਣ ਲਈ ਸਰਕਾਰ ਨੇ ਦਿੱਲੀ ਨੂੰ ਬਣਾਇਆ ਕਿਲ੍ਹਾ: ਰਾਹੁਲ ਗਾਂਧੀ ਦਾ ਕੇਂਦਰ ’ਤੇ ਤਿੱਖਾ ਹਮਲਾ

ਮੁੱਖ ਚੋਣ ਕਮਿਸ਼ਨਰ ਨੂੰ ਬਚਾਉਣ ਲਈ ਸਰਕਾਰ ਨੇ ਦਿੱਲੀ ਨੂੰ ਬਣਾਇਆ ਕਿਲ੍ਹਾ: ਰਾਹੁਲ ਗਾਂਧੀ ਦਾ ਕੇਂਦਰ ’ਤੇ ਤਿੱਖਾ ਹਮਲਾ

ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਦੀ ਕਾਰਜਪ੍ਰਣਾਲੀ ਅਤੇ ਕਥਿਤ ‘ਵੋਟ ਚੋਰੀ’ ਦੇ ਗੰਭੀਰ ਦੋਸ਼ਾਂ ਨੂੰ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਕਾਂਗਰਸ ਪਾਰਟੀ ਸਮੇਤ ‘ਇੰਡੀਆ’ (INDIA) ਗਠਜੋੜ ਵਿੱਚ ਸ਼ਾਮਲ ਸਮੁੱਚੀਆਂ ਵਿਰੋਧੀ ਪਾਰਟੀਆਂ ਵੱਲੋਂ ਅੱਜ ਦੇਸ਼ ਦੀ ਸਰਵਉੱਚ ਅਦਾਲਤ (ਸੁਪਰੀਮ ਕੋਰਟ) ਤੱਕ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਇਸ ‘ਚਲੋ ਦਿੱਲੀ-ਮਾਰਚ ਫ਼ਾਰ ਡੈਮੋਕਰੇਸੀ’ ਦੇ ਮੱਦੇਨਜ਼ਰ ਰਾਜਧਾਨੀ ਦੇ ਬਾਰਾਖੰਭਾ ਰੋਡ ਅਤੇ ਕਨਾਟ ਪਲੇਸ ਜੰਕਸ਼ਨ ’ਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ‘ਇੰਡੀਆ’ ਗਠਜੋੜ ਦੇ ਸਮਰਥਕ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਇਲਾਕੇ ਵਿੱਚ ਭਾਰੀ ਪੁਲੀਸ ਬਲ ਅਤੇ ਸੁਰੱਖਿਆ ਦੇ ਕੜੇ ਪ੍ਰਬੰਧ ਤਾਇਨਾਤ ਕੀਤੇ ਗਏ ਹਨ। ਇਸ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਚੋਣ ਕਮਿਸ਼ਨਰ ਵੱਲੋਂ ਕੀਤੀ ਗਈ ਕਥਿਤ ‘ਵੋਟ ਚੋਰੀ’ ਵਿਰੁੱਧ ਜਨਤਕ ਅੰਦੋਲਨ ਤੇਜ਼ੀ ਨਾਲ ਮਜ਼ਬੂਤ ਹੋ ਰਿਹਾ ਹੈ, ਜਿਸ ਤੋਂ ਘਬਰਾ ਕੇ ਸਰਕਾਰ ਨੇ ਦਿੱਲੀ ਨੂੰ ਇੱਕ ਜੇਲ੍ਹ ਅਤੇ ਕਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਹਜ਼ਾਰਾਂ ਪੁਲੀਸ ਜਵਾਨਾਂ ਦੀ ਤੈਨਾਤੀ ਕਰਕੇ ਅਤੇ ਬੱਸਾਂ-ਰੇਲਗੱਡੀਆਂ ਨੂੰ ਰੋਕ ਕੇ ਆਮ ਲੋਕਾਂ ਦੀ ਆਵਾਜਾਈ ਨੂੰ ਕਿਉਂ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਗਿਆਨੇਸ਼ ਕੁਮਾਰ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਸੁਰੱਖਿਆ ਅਤੇ ਪ੍ਰਬੰਧਕੀ ਵਿਵਸਥਾ ਨੂੰ ਦੇਖਦਿਆਂ ਦਿੱਲੀ ਪੁਲੀਸ ਕਮਿਸ਼ਨਰ ਨੇ ਇਤਿਹਾਸਕ ਪ੍ਰਦਰਸ਼ਨ ਸਥਾਨ ‘ਜੰਤਰ-ਮੰਤਰ’ ਦੀ ਅਧਿਕਾਰਤ ਪ੍ਰਦਰਸ਼ਨ ਸਥਾਨ ਵਜੋਂ ਮਾਨਤਾ ਰੱਦ ਕਰ ਦਿੱਤੀ ਹੈ ਅਤੇ ਹੁਣ ਧਰਨਿਆਂ ਲਈ ਰਾਮਲੀਲਾ ਮੈਦਾਨ, ਬੁਰਾੜੀ ਮੈਦਾਨ ਅਤੇ ਸੀ.ਬੀ.ਡੀ. ਗਰਾਊਂਡ ਨੂੰ ਨਿਰਧਾਰਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਰਾਜੀਵ ਚੌਂਕ, ਬਾਰਾਖੰਭਾ ਰੋਡ ਅਤੇ ਜਨਪਥ ਸਮੇਤ 6 ਪ੍ਰਮੁੱਖ ਮੈਟਰੋ ਸਟੇਸ਼ਨਾਂ ’ਤੇ ਐਂਟਰੀ ਅਤੇ ਐਗਜ਼ਿਟ ਬੰਦ ਰੱਖੀ ਗਈ ਹੈ, ਜਦਕਿ ਟਰੈਫਿਕ ਪੁਲੀਸ ਨੇ ਵੀ ਕਈ ਪ੍ਰਮੁੱਖ ਮਾਰਗਾਂ ’ਤੇ ਰੂਟ ਡਾਇਵਰਟ ਕੀਤੇ ਹਨ।