ਰਾਹੁਲ ਗਾਂਧੀ ਦੀ ਸੰਗਰੂਰ ਰੈਲੀ 'ਤੇ ਸੀਐੱਮ ਭਗਵੰਤ ਮਾਨ ਦਾ ਪਲਟਵਾਰ: 'ਆਪ' ਨੂੰ ਮਿਲ ਰਹੇ ਸਮਰਥਨ ਤੋਂ ਘਬਰਾਈਆਂ ਵਿਰੋਧੀ ਧਿਰਾਂ
- ਪੰਜਾਬ
- (Asia/Kolkata)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਵਿਰੋਧੀ ਧਿਰਾਂ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਮਿਲ ਰਹੇ ਵਿਸ਼ਾਲ ਜਨ-ਸਮਰਥਨ ਤੋਂ ਵਿਰੋਧੀ ਧਿਰਾਂ ਪੂਰੀ ਤਰ੍ਹਾਂ "ਘਬਰਾਈਆਂ" ਹੋਈਆਂ ਹਨ। 4 ਨਵੰਬਰ ਨੂੰ ਸੰਗਰੂਰ ਵਿਖੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਹੋਣ ਵਾਲੀ 'ਹਿਸਾਬ ਮੰਗੋ' ਰੈਲੀ 'ਤੇ ਪ੍ਰਤੀਕਿਰਿਆ ਦਿੰਦਿਆਂ ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਆਗੂ ਸੰਗਰੂਰ ਦਾ ਦੌਰਾ ਕਰੇਗਾ, ਕਿਉਂਕਿ ਸੰਗਰੂਰ ਆਮ ਆਦਮੀ ਪਾਰਟੀ ਦਾ "ਗੜ੍ਹ" ਹੈ। ਮੁੱਖ ਮੰਤਰੀ ਮਾਨ ਨੇ ਵਿਰੋਧੀ ਆਗੂਆਂ ਦੇ ਦੌਰਿਆਂ 'ਤੇ ਤਨਜ਼ ਕੱਸਦਿਆਂ ਕਿਹਾ, "ਪਹਿਲਾਂ ਅਮਿਤ ਸ਼ਾਹ ਆਏ ਸਨ, ਉਨ੍ਹਾਂ ਨੇ ਨਾ ਅਕਾਲੀ ਦਲ ਖ਼ਿਲਾਫ਼ ਕੁਝ ਕਿਹਾ ਅਤੇ ਨਾ ਹੀ ਕਾਂਗਰਸ ਖ਼ਿਲਾਫ਼ ਬੋਲੇ। ਉਹ ਸਿਰਫ਼ ਭਗਵੰਤ ਮਾਨ ਦਾ ਨਾਂ ਲੈ ਕੇ ਵਾਪਸ ਚਲੇ ਗਏ। ਹੁਣ ਰਾਹੁਲ ਗਾਂਧੀ ਵੀ ਮੇਰਾ ਨਾਂ ਲੈ ਕੇ ਵਾਪਸ ਚਲੇ ਜਾਣਗੇ।" ਉਨ੍ਹਾਂ ਅੱਗੇ ਕਿਹਾ ਕਿ ਵਿਰੋਧੀ ਧਿਰਾਂ ਆਪਸ ਵਿੱਚ ਇੱਕ-ਦੂਜੇ ਖ਼ਿਲਾਫ਼ ਨਹੀਂ ਬੋਲਦੀਆਂ, ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਉਹ 'ਆਪ' ਦੀ ਲੋਕਪ੍ਰਿਯਤਾ ਤੋਂ ਡਰੀਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ 4 ਨਵੰਬਰ ਨੂੰ ਸੰਗਰੂਰ 'ਚ 'ਹਿਸਾਬ ਮੰਗੋ' ਰੈਲੀ ਨਾਲ ਕਾਂਗਰਸ ਦੀ 2027 ਚੋਣ ਕੰਪੇਨ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਪਰਵਿੰਦਰ ਸਿੰਘ ਝੋਟਾ ਕਤਲ ਕਾਂਡ 'ਤੇ ਸਰਕਾਰ ਦਾ ਪੱਖ ਨਸ਼ਾ ਵਿਰੋਧੀ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਸੰਵੇਦਨਸ਼ੀਲ ਮੁੱਦੇ 'ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਰਿਵਾਰ ਦੀਆਂ ਸਾਰੀਆਂ ਜਾਇਜ਼ ਮੰਗਾਂ ਮੰਨ ਲਈਆਂ ਹਨ। ਹੁਣ ਇਹ ਫ਼ੈਸਲਾ ਪਰਿਵਾਰ ਜਾਂ ਐਕਸ਼ਨ ਕਮੇਟੀ 'ਤੇ ਨਿਰਭਰ ਕਰਦਾ ਹੈ ਕਿ ਉਹ ਅੰਤਿਮ ਸਸਕਾਰ ਕਦੋਂ ਕਰਨਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ 13 ਅਕਤੂਬਰ ਨੂੰ ਮਾਨਸਾ ਦੇ ਇੱਕ ਭੀੜ-ਭੜੱਕੇ ਵਾਲੇ ਬਾਜ਼ਾਰ 'ਚ ਮੈਡੀਕਲ ਸਟੋਰ ਦੇ ਅੰਦਰ ਝੋਟਾ ਦਾ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹਾਲਾਂਕਿ, ਪਰਿਵਾਰ ਨੇ ਮੁੱਖ ਮੰਤਰੀ ਅਤੇ ਡੀਜੀਪੀ ਗੌਰਵ ਯਾਦਵ ਦੇ ਅਸਤੀਫ਼ੇ ਸਮੇਤ ਸਾਰੀਆਂ ਮੰਗਾਂ ਪੂਰੀਆਂ ਹੋਣ ਤੱਕ ਪੋਸਟਮਾਰਟਮ ਅਤੇ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕੀਤਾ ਹੋਇਆ ਹੈ। ਬਕਾਇਆ ਆਰਡੀਐੱਫ਼ (RDF) ਅਤੇ ਕੇਂਦਰ 'ਤੇ ਨਿਸ਼ਾਨਾ ਰੂਰਲ ਡਿਵੈਲਪਮੈਂਟ ਫੰਡ (RDF) ਦੇ ਬਕਾਇਆ ਪਏ ਮੁੱਦੇ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਕੇਂਦਰ ਨਾਲ ਇਹ ਮਾਮਲਾ ਚੁੱਕ ਰਹੀ ਹੈ। ਆਰਡੀਐੱਫ਼ ਅਤੇ ਵੈਟ (VAT) ਦੇ ਸਮੇਂ ਦਾ ਪੈਸਾ ਬਕਾਇਆ ਰੋਕਣ 'ਤੇ ਭਾਜਪਾ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਉਸ ਦੇ ਹੱਕਾਂ ਤੋਂ ਵਾਂਝਾ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਚੰਡੀਗੜ੍ਹ 'ਚ ਵੱਖਰੀ ਵਿਧਾਨ ਸਭਾ, ਪੰਜਾਬ ਯੂਨੀਵਰਸਿਟੀ ਦੀ ਵੱਖਰੀ ਸਿੰਡੀਕੇਟ, ਬੀਬੀਐੱਮਬੀ (BBMB) ਅਧਿਕਾਰੀਆਂ ਦੀ ਬਦਲੀ ਅਤੇ ਪੰਜਾਬ ਦਾ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਦੇਣ ਦੀਆਂ ਗੱਲਾਂ ਕਰਦੀ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਸਭ ਕੁਝ ਜਾਣਦੇ ਹਨ ਅਤੇ ਚੋਣਾਂ ਵਿੱਚ ਇਸ ਦਾ ਯੋਗ ਜਵਾਬ ਦੇਣਗੇ।
Leave a Reply