ਪੰਜਾਬ ਵਿੱਚ ਮੁੜ ਵਧਣ ਲੱਗੀ ਗਰਮੀ, 8 ਜ਼ਿਲ੍ਹਿਆਂ ਲਈ ਹੀਟਵੇਵ ਅਲਰਟ ਜਾਰੀ

ਪੰਜਾਬ ਵਿੱਚ ਮੁੜ ਵਧਣ ਲੱਗੀ ਗਰਮੀ, 8 ਜ਼ਿਲ੍ਹਿਆਂ ਲਈ ਹੀਟਵੇਵ ਅਲਰਟ ਜਾਰੀ

ਪੰਜਾਬ ਵਿੱਚ ਹਾਲ ਹੀ ਦੌਰਾਨ ਹੋਈ ਬਾਰਿਸ਼ ਤੋਂ ਬਾਅਦ ਇੱਕ ਵਾਰ ਫਿਰ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਮੰਗਲਵਾਰ, 9 ਜੂਨ ਲਈ ਸੂਬੇ ਦੇ 8 ਜ਼ਿਲ੍ਹਿਆਂ ਵਿੱਚ ਹੀਟਵੇਵ ਦੀ ਸੰਭਾਵਨਾ ਨੂੰ ਦੇਖਦਿਆਂ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਇਸ ਦੌਰਾਨ ਸੂਬੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਜਾਣਕਾਰੀ ਮੁਤਾਬਕ ਰਾਜਸਥਾਨ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ ਅਤੇ ਸੰਗਰੂਰ ਵਿੱਚ ਹੀਟਵੇਵ ਵਰਗੀਆਂ ਸਥਿਤੀਆਂ ਬਣੀਆਂ ਰਹਿ ਸਕਦੀਆਂ ਹਨ। ਇਸ ਦੇ ਨਾਲ ਹੀ ਪਠਾਨਕੋਟ ਵਿੱਚ 44 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 10 ਜੂਨ ਨੂੰ ਵੀ ਇਹ ਸਥਿਤੀ ਜਾਰੀ ਰਹਿ ਸਕਦੀ ਹੈ। ਹਾਲਾਂਕਿ 11 ਜੂਨ ਤੋਂ ਮੌਸਮ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਸਕਦਾ ਹੈ। ਵਿਭਾਗ ਅਨੁਸਾਰ 11, 13 ਅਤੇ 14 ਜੂਨ ਨੂੰ ਸੂਬੇ ਦੇ ਕਈ ਇਲਾਕਿਆਂ ਵਿੱਚ ਮੀਂਹ, ਗਰਜ-ਚਮਕ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਕਿਹਾ ਹੈ ਕਿ ਪੰਜਾਬ ਦੇ ਕੁਝ ਖੇਤਰਾਂ ਵਿੱਚ 11 ਜੂਨ ਤੱਕ ਹੀਟਵੇਵ ਦੀ ਸਥਿਤੀ ਬਣੀ ਰਹਿ ਸਕਦੀ ਹੈ। ਇਸ ਤੋਂ ਬਾਅਦ 12 ਜੂਨ ਨੂੰ ਵੀ ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਕੁਝ ਥਾਵਾਂ 'ਤੇ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਅਤੇ ਗਰਜ-ਤੂਫ਼ਾਨ ਆ ਸਕਦੇ ਹਨ। ਦੂਜੇ ਪਾਸੇ, ਦੱਖਣ-ਪੱਛਮੀ ਮਾਨਸੂਨ ਦੇਸ਼ ਦੇ ਹੋਰ ਨਵੇਂ ਖੇਤਰਾਂ ਵੱਲ ਲਗਾਤਾਰ ਅੱਗੇ ਵਧ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਮਾਨਸੂਨ ਦੇ 30 ਜੂਨ ਦੇ ਆਸਪਾਸ ਪੰਜਾਬ ਵਿੱਚ ਦਾਖਲ ਹੋਣ ਦੀ ਉਮੀਦ ਹੈ। ਲੁਧਿਆਣਾ ਅਤੇ ਜਲੰਧਰ ਖੇਤਰਾਂ ਵਿੱਚ ਇਸ ਦੇ 5 ਜੁਲਾਈ ਦੇ ਕਰੀਬ ਪਹੁੰਚਣ ਦੀ ਸੰਭਾਵਨਾ ਹੈ, ਜਦਕਿ ਉੱਤਰੀ ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਸਮੇਤ ਹੋਰ ਇਲਾਕਿਆਂ ਵਿੱਚ ਮਾਨਸੂਨ 8 ਜੁਲਾਈ ਦੇ ਆਸਪਾਸ ਪਹੁੰਚ ਸਕਦਾ ਹੈ।