ਗੁਰਬਾਣੀ ਤੇ ਸਿੱਖ ਇਤਿਹਾਸ ਨਾਲ ਏਆਈ (AI) ਰਾਹੀਂ ਛੇੜਛਾੜ ਗੰਭੀਰ ਚੁਣੌਤੀ, ਸਿੱਖ ਕੌਮ ਨੂੰ ਇਕਜੁੱਟ ਹੋਣ ਦੀ ਲੋੜ: ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ
- ਪੰਜਾਬ
- (Asia/Kolkata)
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਲੰਡਨ ਸਥਿਤ ਇਤਿਹਾਸਕ ਖ਼ਾਲਸਾ ਜਥਾ ਬ੍ਰਿਟਿਸ਼ ਆਈਲਜ਼ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਗੁਰਦੁਆਰਾ ਪ੍ਰਬੰਧਕਾਂ ਅਤੇ ਸਥਾਨਕ ਨੁਮਾਇੰਦਿਆਂ ਨਾਲ ਗੁਰੂ ਘਰ ਦੀ ਲਾਇਬਰੇਰੀ ਵਿੱਚ ਪੰਜਾਬ ਤੋਂ ਯੂਕੇ ਪੜ੍ਹਨ ਆਉਣ ਵਾਲੇ ਸਿੱਖ ਤੇ ਪੰਜਾਬੀ ਵਿਦਿਆਰਥੀਆਂ, ਖ਼ਾਸਕਰ ਧੀਆਂ ਨਾਲ ਸਬੰਧਤ ਮੁੱਦਿਆਂ ਅਤੇ ਸਮੱਸਿਆਵਾਂ 'ਤੇ ਅਹਿਮ ਵਿਚਾਰ-ਵਟਾਂਦਰਾ ਕੀਤਾ ਗਿਆ। ਸਿੰਘ ਸਾਹਿਬ ਨੇ ਵਿਦੇਸ਼ਾਂ ਵਿੱਚ ਸਿੱਖੀ ਦੇ ਪ੍ਰਚਾਰ-ਪ੍ਰਸਾਰ ਅਤੇ ਕੌਮੀ ਮਾਮਲਿਆਂ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹਰ ਸੰਭਵ ਸਹਿਯੋਗ ਅਤੇ ਸੇਧ ਦੇਣ ਦਾ ਭਰੋਸਾ ਦਿੱਤਾ। ਏਆਈ (AI) ਰਾਹੀਂ ਗੁਰਬਾਣੀ ਅਤੇ ਸਿੱਖ ਇਤਿਹਾਸ ਬਾਰੇ ਗਲਤ ਜਾਣਕਾਰੀ 'ਤੇ ਚਿੰਤਾ ਸਮਾਗਮ ਦੌਰਾਨ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਆਧਾਰਿਤ ਚੈਟਬੋਟਸ ਰਾਹੀਂ ਧਾਰਮਿਕ ਮਾਮਲਿਆਂ ਵਿੱਚ ਆ ਰਹੀਆਂ ਚੁਣੌਤੀਆਂ 'ਤੇ ਗੰਭੀਰ ਚਰਚਾ ਹੋਈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਏਆਈ ਮਾਧਿਅਮਾਂ ਰਾਹੀਂ ਗੁਰਬਾਣੀ ਦੇ ਗਲਤ ਹਵਾਲੇ, ਮਨਘੜ੍ਹਤ ਤੁਕਾਂ ਅਤੇ ਵਿਗੜੀ ਹੋਈ ਜਾਣਕਾਰੀ ਪੇਸ਼ ਕੀਤਾ ਜਾਣਾ ਇੱਕ ਬਹੁਤ ਗੰਭੀਰ ਮਸਲਾ ਹੈ, ਜੋ ਸਿੱਖੀ ਦੀਆਂ ਬੁਨਿਆਦੀ ਕਦਰਾਂ-ਕੀਮਤਾਂ ਅਤੇ ਮਰਯਾਦਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਦੇ ਨਿਪਟਾਰੇ ਲਈ ਦੇਸ਼-ਦੁਨੀਆ ਦੀਆਂ ਪ੍ਰਮੁੱਖ ਤਕਨਾਲੋਜੀ ਕੰਪਨੀਆਂ ਨਾਲ ਰਾਬਤਾ ਕਾਇਮ ਕਰਕੇ ਸਾਂਝੇ ਯਤਨ ਕੀਤੇ ਜਾਣਗੇ। ਏਆਈ ਦੀਆਂ ਗੰਭੀਰ ਸਮੱਸਿਆਵਾਂ ਤੋਂ ਕਰਵਾਇਆ ਜਾਣੂ ਯੂਨਾਈਟਡ ਸਿੱਖਸ ਸੰਸਥਾ ਦੇ ਸੰਚਾਰ ਅਤੇ ਪੈਰਵੀ ਡਾਇਰੈਕਟਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਏਆਈ ਸਬ-ਕਮੇਟੀ ਦੇ ਮੈਂਬਰ ਸ. ਹਰਮੀਤ ਸ਼ਾਹ ਸਿੰਘ ਨੇ ਏਆਈ ਦੀਆਂ ਚੁਣੌਤੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਗੁਰਬਾਣੀ ਦੀਆਂ ਤੁਕਾਂ ਅਤੇ ਅਰਥਾਂ ਲਈ ਚੈਟਬੋਟਸ 'ਤੇ ਨਿਰਭਰ ਹੋ ਰਹੇ ਹਨ। ਕਈ ਵਾਰ ਇਹ ਪਲੇਟਫ਼ਾਰਮ ਗਲਤ ਜਾਂ ਮਨਘੜ੍ਹਤ ਲਿਖਤਾਂ ਨੂੰ ਗੁਰਬਾਣੀ ਵਜੋਂ ਪੇਸ਼ ਕਰਦੇ ਹਨ ਅਤੇ ਵਰਤੋਂਕਾਰ ਬਿਨਾਂ ਪੁਸ਼ਟੀ ਕੀਤੇ ਇਹ ਸਮੱਗਰੀ ਸੋਸ਼ਲ ਮੀਡੀਆ 'ਤੇ ਸਾਂਝੀ ਕਰ ਦਿੰਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨਿਗਰਾਨੀ ਹੇਠ ਤਿਆਰ ਹੋਣਗੇ ਅਧਿਕਾਰਤ ਸਰੋਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਵਿਦਵਾਨਾਂ, ਤਕਨੀਕੀ ਮਾਹਿਰਾਂ ਅਤੇ ਸੰਸਥਾਵਾਂ ਨੂੰ ਸਾਂਝੇ ਯਤਨ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਭਵਿੱਖ ਵਿੱਚ ਸਿੱਖਾਂ ਦੇ ਆਪਣੇ ਕੇਂਦਰੀ, ਅਧਿਕਾਰਤ ਅਤੇ ਪ੍ਰਮਾਣਿਤ ਗੁਰਬਾਣੀ ਏਆਈ ਅਤੇ ਡਿਜੀਟਲ ਸਰੋਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨਿਗਰਾਨੀ ਹੇਠ ਤਿਆਰ ਕੀਤੇ ਜਾਣਗੇ। ਕਿਸੇ ਵੀ ਏਆਈ ਪਲੇਟਫ਼ਾਰਮ ਜਾਂ ਐਪਲੀਕੇਸ਼ਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਗੀ ਲੈਣੀ ਪਵੇਗੀ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਏਆਈ ਉੱਤੇ ਪੂਰੀ ਤਰ੍ਹਾਂ ਨਿਰਭਰ ਹੋਣ ਦੀ ਬਜਾਏ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ, ਸੈਂਚੀਆਂ ਅਤੇ ਮੂਲ ਸਿੱਖ ਸਾਹਿਤ ਤੋਂ ਹੀ ਪੜ੍ਹਨੀ ਅਤੇ ਸਿੱਖਣੀ ਚਾਹੀਦੀ ਹੈ। ਇਤਿਹਾਸਕ ਗੁਰੂ ਘਰ ਵਿਖੇ ਜਥੇਦਾਰ ਸਾਹਿਬ ਦਾ ਹੋਇਆ ਸਨਮਾਨ ਖ਼ਾਲਸਾ ਜਥਾ ਬ੍ਰਿਟਿਸ਼ ਆਈਲਜ਼ ਦੇ ਪ੍ਰਧਾਨ ਸ. ਗੁਰਪ੍ਰੀਤ ਸਿੰਘ ਅਨੰਦ ਨੇ ਗੁਰੂ ਘਰ ਦੇ ਇਤਿਹਾਸ ਬਾਰੇ ਦੱਸਦਿਆਂ ਕਿਹਾ ਕਿ ਸੰਤ ਤੇਜਾ ਸਿੰਘ, ਭਾਈ ਕਾਨ੍ਹ ਸਿੰਘ ਨਾਭਾ ਅਤੇ ਸ਼ਹੀਦ ਭਾਈ ਊਧਮ ਸਿੰਘ ਵਰਗੀਆਂ ਸ਼ਖ਼ਸੀਅਤਾਂ ਇਸ ਨਾਲ ਜੁੜੀਆਂ ਰਹੀਆਂ ਹਨ। ਸਮਾਗਮ ਦੇ ਅੰਤ ਵਿੱਚ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਗੁਰਪ੍ਰੀਤ ਸਿੰਘ ਅਨੰਦ ਅਤੇ ਮੀਤ ਪ੍ਰਧਾਨ ਬੀਬੀ ਗੁਰਵਿੰਦਰ ਕੌਰ ਰੰਧਾਵਾ ਵੱਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਿਰੋਪਾਓ, ਇਤਿਹਾਸਕ ਪੁਸਤਕ ਅਤੇ ਯਾਦਗਾਰੀ ਸਿੱਕਾ ਦੇ ਕੇ ਸਨਮਾਨਿਤ ਕੀਤਾ ਗਿਆ।
Leave a Reply