ਲਾਕਰ ਨੁਕਸਾਨ ਮਾਮਲਿਆਂ ਵਿੱਚ 100 ਗੁਣਾ ਸਾਲਾਨਾ ਕਿਰਾਏ ਦੇ ਮੁਆਵਜ਼ੇ ਦਾ ਨਿਯਮ

ਲਾਕਰ ਨੁਕਸਾਨ ਮਾਮਲਿਆਂ ਵਿੱਚ 100 ਗੁਣਾ ਸਾਲਾਨਾ ਕਿਰਾਏ ਦੇ ਮੁਆਵਜ਼ੇ ਦਾ ਨਿਯਮ

ਕੇਂਦਰੀ ਵਿੱਤ ਮੰਤਰੀ Nirmala Sitharaman ਨੇ ਸੋਮਵਾਰ ਨੂੰ ਕਿਹਾ ਕਿ ਬੈਂਕ ਗਾਹਕਾਂ ਦੇ ਲਾਕਰਾਂ ਵਿੱਚ ਰੱਖੇ ਸਾਮਾਨ ਦੀ ਨਾ ਤਾਂ ਜਾਂਚ ਕਰ ਸਕਦੇ ਹਨ ਅਤੇ ਨਾ ਹੀ ਉਸ ਦਾ ਕੋਈ ਰਿਕਾਰਡ ਰੱਖ ਸਕਦੇ ਹਨ, ਕਿਉਂਕਿ ਇਸ ਨਾਲ ਬੈਂਕਿੰਗ ਨਿਯਮਾਂ ਦੀ ਉਲੰਘਣਾ ਹੁੰਦੀ ਹੈ। ਉਹ ਲੋਕ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਕਾਂਗਰਸ ਮੈਂਬਰ ਕਿਰਸਨ ਨਾਮਦੇਵ ਵੱਲੋਂ ਪੁੱਛੇ ਗਏ ਪੂਰਕ ਪ੍ਰਸ਼ਨ ਦਾ ਜਵਾਬ ਦੇ ਰਹੀ ਸੀ। ਉਨ੍ਹਾਂ ਕਿਹਾ ਕਿ ਗਾਹਕਾਂ ਦੇ ਲਾਕਰਾਂ ਵਿੱਚ ਰੱਖੀਆਂ ਕੀਮਤੀ ਵਸਤੂਆਂ ’ਤੇ ਨਿਗਰਾਨੀ ਰੱਖਣਾ ਬੈਂਕਿੰਗ ਨਿਯਮਾਂ ਦੇ ਖਿਲਾਫ ਹੈ ਅਤੇ ਬੈਂਕ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰਦੇ। ਵਿੱਤ ਮੰਤਰੀ ਨੇ ਦੱਸਿਆ ਕਿ ਜੇ ਲਾਕਰ ਨਾਲ ਸੰਬੰਧਿਤ ਕੋਈ ਨੁਕਸਾਨ ਹੁੰਦਾ ਹੈ, ਜਿਵੇਂ ਕਿ ਲਾਕਰ ਟੁੱਟਣਾ ਜਾਂ ਅੰਦਰਲੇ ਸਾਮਾਨ ਨੂੰ ਨੁਕਸਾਨ ਪਹੁੰਚਣਾ, ਤਾਂ ਇਸ ਲਈ ਮਿਆਰੀ ਮੁਆਵਜ਼ਾ ਤੈਅ ਕੀਤਾ ਗਿਆ ਹੈ। ਇਸ ਮੁਤਾਬਕ ਲਾਕਰ ਧਾਰਕਾਂ ਨੂੰ ਸਾਲਾਨਾ ਕਿਰਾਏ ਦਾ 100 ਗੁਣਾ ਮੁਆਵਜ਼ਾ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਬੈਂਕਾਂ ਨੂੰ ਲਾਕਰਾਂ ਦੇ ਅੰਦਰ ਮੌਜੂਦ ਸਾਮਾਨ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ, ਇਸ ਲਈ ਅਸਲ ਕੀਮਤ ਦੇ ਆਧਾਰ ’ਤੇ ਬੀਮਾ ਕਵਰੇਜ ਦੇਣਾ ਸੰਭਵ ਨਹੀਂ। ਹਰ ਲਾਕਰ ਲਈ ਵੱਖ-ਵੱਖ ਮੁਲਾਂਕਣ ਕਰਨਾ ਵੀ ਵਿਹਾਰਕ ਨਹੀਂ ਹੈ, ਜਿਸ ਕਾਰਨ ਇਕਸਾਰ ਮਿਆਰ ਤੈਅ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਬੰਧ ਇਸ ਲਈ ਕੀਤਾ ਗਿਆ ਹੈ ਤਾਂ ਜੋ ਲਾਕਰ ਟੁੱਟਣ ਜਾਂ ਹੋਰ ਕਿਸੇ ਘਟਨਾ ਕਾਰਨ ਨੁਕਸਾਨ ਦੀ ਸਥਿਤੀ ਵਿੱਚ ਸਾਰਿਆਂ ਲਈ ਇਕਸਾਰ ਅਤੇ ਸਪੱਸ਼ਟ ਮੁਆਵਜ਼ਾ ਪ੍ਰਣਾਲੀ ਲਾਗੂ ਰਹੇ।