ISI ਏਜੰਟ ਰਾਜਸਥਾਨ ’ਚ ਕਾਬੂ, ਪੰਜ ਦਿਨਾਂ ਪੁਲੀਸ ਰਿਮਾਂਡ ਜਾਰੀ

ISI ਏਜੰਟ ਰਾਜਸਥਾਨ ’ਚ ਕਾਬੂ, ਪੰਜ ਦਿਨਾਂ ਪੁਲੀਸ ਰਿਮਾਂਡ ਜਾਰੀ

ਰਾਜਸਥਾਨ ਦੀ ਇੱਕ ਅਦਾਲਤ ਨੇ ਸ਼ਨਿਚਰਵਾਰ ਨੂੰ ਇੱਕ ਸ਼ੱਕੀ ਪਾਕਿਸਤਾਨੀ ISI ਏਜੰਟ ਨੂੰ 4 ਫਰਵਰੀ ਤੱਕ ਪੰਜ ਦਿਨਾਂ ਦੇ ਪੁਲੀਸ ਰਿਮਾਂਡ 'ਤੇ ਭੇਜ ਦਿੱਤਾ ਹੈ, ਜਿਸ ਨੂੰ ਇੱਕ ਦਿਨ ਪਹਿਲਾਂ ਰਾਜਸਥਾਨ ਇੰਟੈਲੀਜੈਂਸ ਨੇ ਪੋਖਰਨ ਤੋਂ ਗ੍ਰਿਫਤਾਰ ਕੀਤਾ ਸੀ। ਝਾਬਰਾਰਾਮ ਵਜੋਂ ਪਛਾਣੇ ਗਏ ਇਸ ISI ਏਜੰਟ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ (ACJM) ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਸਬੰਧੀ ਆਫੀਸ਼ੀਅਲ ਸੀਕਰੇਟਸ ਐਕਟ, 1923 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਹੈਂਡਲਰਾਂ ਦੇ ਸੰਪਰਕ ਵਿੱਚ ਸੀ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲੀਸ (ਇੰਟੈਲੀਜੈਂਸ) ਪ੍ਰਫੁੱਲ ਕੁਮਾਰ ਨੇ ਦੱਸਿਆ ਕਿ 28 ਸਾਲਾ ਝਾਬਰਾਰਾਮ ਭਾਰਤੀ ਫੌਜ ਨਾਲ ਸਬੰਧਤ ਸੰਵੇਦਨਸ਼ੀਲ ਅਤੇ ਰਣਨੀਤਕ ਜਾਣਕਾਰੀ 'ਹਨੀਟ੍ਰੈਪ' ਅਤੇ ਪੈਸਿਆਂ ਦੇ ਬਦਲੇ ਪਾਕਿਸਤਾਨੀ ਏਜੰਸੀਆਂ ਨਾਲ ਸਾਂਝੀ ਕਰ ਰਿਹਾ ਸੀ। ਪੁਲੀਸ ਅਨੁਸਾਰ, ਉਹ ਆਪਣੇ ਨਾਮ ’ਤੇ ਜਾਰੀ ਸਿਮ ਕਾਰਡ ਦੇ OTP ਰਾਹੀਂ ਵਟਸਐਪ ਡਾਊਨਲੋਡ ਕਰਵਾ ਕੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਉਨ੍ਹਾਂ ਦੀ ਮਦਦ ਵੀ ਕਰ ਰਿਹਾ ਸੀ।