ਜਾਖੜ ਵੱਲੋਂ ਮਾਨ ਨੂੰ ਚੁਣੌਤੀ: ਹਾਈਕੋਰਟ ਨਿਗਰਾਨੀ ਹੇਠ ਪਾਰਟੀਆਂ ਦੀ ਜਾਂਚ ਹੋਵੇ

ਜਾਖੜ ਵੱਲੋਂ ਮਾਨ ਨੂੰ ਚੁਣੌਤੀ: ਹਾਈਕੋਰਟ ਨਿਗਰਾਨੀ ਹੇਠ ਪਾਰਟੀਆਂ ਦੀ ਜਾਂਚ ਹੋਵੇ

ਪੰਜਾਬ ਦੀ ਸਿਆਸਤ ਵਿੱਚ ਨਵਜੋਤ ਕੌਰ ਸਿੱਧੂ ਦੇ ਬਿਆਨ ਤੋਂ ਬਾਅਦ ਇੱਕ ਵਾਰ ਫਿਰ ਵੱਡਾ ਘਮਾਸਾਨ ਸ਼ੁਰੂ ਹੋ ਗਿਆ ਹੈ। ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਸੂਬੇ ਵਿੱਚ ਭ੍ਰਿਸ਼ਟਾਚਾਰ ਦੀ ਜੜ੍ਹ ਤੱਕ ਜਾਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਚੀਫ਼ ਜਸਟਿਸ ਦੀ ਨਿਗਰਾਨੀ ਹੇਠ ਸਮਾਂਬੱਧ ਜਾਂਚ ਕਰਵਾਈ ਜਾਵੇ।

ਜਾਖੜ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਭ੍ਰਿਸ਼ਟਾਚਾਰ ਅੱਜ ਸਮਾਜ ਦਾ ‘ਨਸੂਰ’ ਬਣ ਚੁੱਕਿਆ ਹੈ ਅਤੇ ਹੁਣ ਤਾਂ 70 ਸਾਲ ਦੇਸ਼ ਵਿੱਚ ਰਾਜ ਕਰਨ ਵਾਲੀ ਪਾਰਟੀ (ਕਾਂਗਰਸ) ਦੇ ਸੀਨੀਅਰ ਆਗੂ ਖ਼ੁਦ ਹੀ ਇੱਕ-ਦੂਜੇ ’ਤੇ ਗੰਭੀਰ ਦੋਸ਼ ਲਗਾ ਰਹੇ ਹਨ।

ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੇ ਪੁਰਾਣੇ ਬਿਆਨ ਯਾਦ ਕਰਵਾਏ, ਜਿਸ ਵਿੱਚ ਉਨ੍ਹਾਂ ਨੇ ਭ੍ਰਿਸ਼ਟਾਚਾਰ ਨੂੰ ਕੈਂਸਰ ਕਿਹਾ ਸੀ। ਜਾਖੜ ਨੇ ਸਵਾਲ ਕੀਤਾ, “ਭਗਵੰਤ ਮਾਨ ਜੀ, ਤੁਸੀਂ ਇਹ ਵੀ ਆਖਦੇ ਹੋ ਕੇ ਮੇਰੇ ਕੋਲ ਫਾਇਲਾਂ ਹਨ, ਤਾਂ ਫਿਰ ਫਾਇਲਾਂ ਖੋਲਦੇ ਕਿਉਂ ਨਹੀਂ ਹੋ? ਮੈਂ ਤਾਂ ਪਹਿਲਾਂ ਵੀ ਤੁਹਾਨੂੰ ਪੱਤਰ ਲਿਖਿਆ ਸੀ ਅਤੇ ਹੁਣ ਫਿਰ ਮੰਗ ਕਰਦਾ ਹਾਂ ਕਿ ਹਾਈਕੋਰਟ ਦੇ ਮਾਨਯੋਗ ਚੀਫ਼ ਜਸਟਿਸ ਦੀ ਨਿਗਰਾਨੀ ਵਿੱਚ ਸਾਰੀਆਂ ਪਾਰਟੀਆਂ ਦੇ ਸਾਰੇ ਲੀਡਰਾਂ (ਸਮੇਤ ਮੇਰੇ) ਦੀ ਸਮਾਂਬੱਧ ਜਾਂਚ ਕਰਵਾਓ ਤਾਂ ਜੋ ਸੱਚ ਸਾਹਮਣੇ ਆ ਸਕੇ ਅਤੇ ਵੱਖ-ਵੱਖ ਭ੍ਰਿਸ਼ਟਾਚਾਰਾਂ ਦਾ ਪੈਸਾ ਕਿਸ ਕੋਲ ਪਹੁੰਚਿਆ, ਇਸ ਦਾ ਪਤਾ ਲੱਗ ਸਕੇ।”