ਬਰੈਂਪਟਨ ਹਥਿਆਰਬੰਦ ਡਾਕੇ ਅਤੇ ਫਾਇਰਿੰਗ ਮਾਮਲੇ ’ਚ ਟੋਰਾਂਟੋ ਦੇ ਦੋ ਨੌਜਵਾਨ ਗ੍ਰਿਫ਼ਤਾਰ, ਦੋ ਹਾਲੇ ਵੀ ਫ਼ਰਾਰ
- ਵਿਦੇਸ਼
- (Asia/Kolkata)
ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਵਿੱਚ ਕੁਝ ਮਹੀਨੇ ਪਹਿਲਾਂ ਵਾਪਰੀ ਇੱਕ ਹਿੰਸਕ ਡਾਕੇ ਅਤੇ ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ। ਫੜੇ ਗਏ ਮੁਲਜ਼ਮਾਂ ਵਿੱਚ ਟੋਰਾਂਟੋ ਦਾ ਰਹਿਣ ਵਾਲਾ ਇੱਕ 18 ਸਾਲਾ ਨੌਜਵਾਨ ਅਤੇ ਇੱਕ 16 ਸਾਲਾ ਲੜਕਾ ਸ਼ਾਮਲ ਹੈ। ਇਸ ਵਾਰਦਾਤ ਦੌਰਾਨ ਗੋਲੀਆਂ ਲੱਗਣ ਕਾਰਨ ਘਰ ਦੇ ਦੋ ਮੈਂਬਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ 14 ਜੂਨ ਨੂੰ ਤੜਕੇ ਲਗਭਗ 4:30 ਵਜੇ ਮੈਕਲਾਫਲਿਨ ਰੋਡ ਅਤੇ ਸਟੀਲਜ਼ ਐਵੇਨਿਊ ਵੈਸਟ ਦੇ ਖੇਤਰ ਵਿੱਚ ਵਾਪਰੀ ਸੀ। ਉਸ ਸਮੇਂ ਘਰ ਵਿੱਚ ਪੰਜ ਵਿਅਕਤੀ ਸੁੱਤੇ ਹੋਏ ਸਨ। ਜਾਂਚ ਦੌਰਾਨ ਸਾਹਮਣੇ ਆਇਆ ਕਿ ਤਿੰਨ ਹਥਿਆਰਬੰਦ ਅਪਰਾਧੀ ਘਰ ਦੇ ਪਿਛਲੇ ਪਾਸੇ ਲੱਗੇ ਕੱਚ ਦੇ ਦਰਵਾਜ਼ੇ ਨੂੰ ਤੋੜ ਕੇ ਜ਼ਬਰਦਸਤੀ ਅੰਦਰ ਦਾਖ਼ਲ ਹੋਏ, ਜਦਕਿ ਉਨ੍ਹਾਂ ਦਾ ਇੱਕ ਹੋਰ ਸਾਥੀ ਬਾਹਰ ਵਾਹਨ ਵਿੱਚ ਮੌਜੂਦ ਰਿਹਾ। ਅੰਦਰ ਵੜਦੇ ਹੀ ਅਪਰਾਧੀਆਂ ਦਾ ਘਰ ਦੇ ਮੈਂਬਰਾਂ ਨਾਲ ਸਾਹਮਣਾ ਹੋ ਗਿਆ, ਜਿਸ ਤੋਂ ਬਾਅਦ ਮੁਲਜ਼ਮਾਂ ਨੇ ਫਾਇਰਿੰਗ ਕਰ ਦਿੱਤੀ। ਗੋਲੀਬਾਰੀ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਇਲਾਜ ਤੋਂ ਬਾਅਦ ਦੋਵੇਂ ਪੀੜਤ ਹੁਣ ਖ਼ਤਰੇ ਤੋਂ ਬਾਹਰ ਹਨ ਅਤੇ ਘਰ ਵਿੱਚ ਸੱਟਾਂ ਤੋਂ ਉੱਭਰ ਰਹੇ ਹਨ। ਸੈਂਟਰਲ ਰੌਬਰੀ ਬਿਊਰੋ ਦੇ ਜਾਂਚ ਅਧਿਕਾਰੀਆਂ ਨੇ ਕਾਰਵਾਈ ਕਰਦਿਆਂ 15 ਜੁਲਾਈ ਨੂੰ ਦੋਵਾਂ ਸ਼ੱਕੀਆਂ ਨੂੰ ਕਾਬੂ ਕਰ ਲਿਆ ਸੀ। ਪੁਲਿਸ ਮੁਤਾਬਕ ਘਟਨਾ ਵਿੱਚ ਸ਼ਾਮਲ ਦੋ ਹੋਰ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਭਾਲ ਅਜੇ ਵੀ ਲਗਾਤਾਰ ਜਾਰੀ ਹੈ।
Leave a Reply