ਅਮਰੀਕਾ-ਈਰਾਨ ਤਣਾਅ ਦਰਮਿਆਨ ਕੈਨੇਡਾ ਸੁਰੱਖਿਅਤ, ਪਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
- ਵਿਦੇਸ਼
- (Asia/Kolkata)
ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ‘ਤੇ ਹਵਾਈ ਹਮਲਿਆਂ ਤੋਂ ਉਭਰੇ ਵਿਸ਼ਵ ਪੱਧਰੀ ਤਣਾਅ ਦੇ ਮਾਹੌਲ ਵਿਚ ਕੈਨੇਡਾ ਦੀਆਂ ਸੁਰੱਖਿਆ ਸਥਿਤੀਆਂ ਬਾਰੇ ਪੁਲਿਸ ਮੁਖੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਸ ਵੇਲੇ ਕੈਨੇਡਾ ਜਾਂ ਕੈਨੇਡੀਅਨ ਨਾਗਰਿਕਾਂ ਲਈ ਕੋਈ ਤੁਰੰਤ ਖ਼ਤਰਾ ਮੌਜੂਦ ਨਹੀਂ। ਕੈਨੇਡੀਅਨ ਐਸੋਸੀਏਸ਼ਨ ਆਫ ਚੀਫਸ ਆਫ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੌਜੂਦਾ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਕਿਸੇ ਵੀ ਹਮਲੇ ਜਾਂ ਹਿੰਸਕ ਘਟਨਾ ਦੀ ਸੰਭਾਵਨਾ ਦਾ ਕੋਈ ਸਿੱਧਾ ਇਸ਼ਾਰਾ ਨਹੀਂ ਮਿਲਿਆ। ਹਾਲਾਂਕਿ, ਸੰਸਥਾ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਅੰਤਰਰਾਸ਼ਟਰੀ ਤਣਾਅ ਦੇ ਦੌਰਾਨ ਅੱਤਵਾਦੀ ਗਰੁੱਪ, ਨਫ਼ਰਤ-ਪ੍ਰੇਰਿਤ ਵਿਅਕਤੀ ਜਾਂ ਸ਼ਰਾਰਤੀ ਤੱਤ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ ਗਈ ਹੈ। ਇਸੇ ਦੌਰਾਨ, ਟੋਰਾਂਟੋ ਨੇੜੇ ਥਾਰਨਹਿੱਲ ਵਿੱਚ ਇੱਕ ਪ੍ਰਮੁੱਖ ਇਰਾਨੀ-ਕੈਨੇਡੀਅਨ ਕਾਰਕੁਨ ਸਾਲਾਰ ਘੋਲਾਮੀ ਦੇ ਬਾਕਸਿੰਗ ਜਿਮ ‘ਤੇ ਗੋਲੀਆਂ ਚਲਾਈਆਂ ਗਈਆਂ। ਘੋਲਾਮੀ ਦੇ ਅਨੁਸਾਰ, 17 ਗੋਲੀਆਂ ਉਸਦੇ ਜਿਮ ‘ਚ ਮਾਰੀਆਂ ਗਈਆਂ, ਜਿਸ ਨਾਲ ਖਿੜਕੀਆਂ ਟੁੱਟ ਗਈਆਂ ਅਤੇ ਕੰਧਾਂ ਵਿੱਚ ਸੁਰਾਖ ਹੋ ਗਏ। ਉਸਨੇ ਕਿਹਾ ਕਿ ਉਸਦੀ ਸਰਗਰਮੀ ਕਾਰਨ ਉਹ ਨਿਸ਼ਾਨਾ ਬਣਾਇਆ ਗਿਆ। ਸਥਾਨਕ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਾਲੇ ਹਮਲੇ ਦੇ ਮਕਸਦ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਮਿਲੀ। ਮਾਹਿਰਾਂ ਦਾ ਅੰਦਾਜ਼ਾ ਹੈ ਕਿ ਇਰਾਨੀ ਰਾਜ ਵਿਸ਼ਵ ਪੱਧਰ ‘ਤੇ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਲਈ ਟਰਾਂਸਨੇਸ਼ਨਲ ਰੀਪ੍ਰੈਸ਼ਨ ਦੀ ਕੋਸ਼ਿਸ਼ ਕਰ ਸਕਦਾ ਹੈ। ਇਸ ਦੇ ਨਾਲ ਹੀ, ਸਾਈਬਰ ਹਮਲੇ, ਆਨਲਾਈਨ ਧਮਕੀਆਂ ਅਤੇ ਵਿਦੇਸ਼ਾਂ ਵਿੱਚ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣ ਦੀ ਸੰਭਾਵਨਾ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਮੱਧ-ਪੂਰਬ ਵਿੱਚ ਜਾਰੀ ਸੰਘਰਸ਼ ਕਾਰਨ ਹਵਾਈ ਯਾਤਰਾ ‘ਤੇ ਵੀ ਪ੍ਰਭਾਵ ਪਿਆ ਹੈ। ਏਅਰ ਕੈਨੇਡਾ ਨੇ ਤਲਅਵੀਵ ਅਤੇ ਦੁਬਈ ਲਈ ਉਡਾਣਾਂ ਅਸਥਾਈ ਤੌਰ ‘ਤੇ ਰੱਦ ਕਰ ਦਿੱਤੀਆਂ ਹਨ, ਜਦਕਿ ਟੋਰਾਂਟੋ ਪੀਅਰਸਨ ਹਵਾਈ ਅੱਡੇ ਨੇ ਯਾਤਰੀਆਂ ਨੂੰ ਉਡਾਣ ਦੀ ਸਥਿਤੀ ਚੈਕ ਕਰਨ ਦੀ ਸਲਾਹ ਦਿੱਤੀ ਹੈ। ਕੈਨੇਡਾ ਸਰਕਾਰ ਨੇ ਵੀ ਲੋਕਾਂ ਨੂੰ ਮੱਧ-ਪੂਰਬ ਦੇ ਕਈ ਦੇਸ਼ਾਂ ਦੀ ਯਾਤਰਾ ਤੋਂ ਬਚਣ ਲਈ ਹਦਾਇਤ ਕੀਤੀ ਹੈ।
Leave a Reply