ਪੰਜਾਬ ਚੋਣਾਂ ਤੋਂ ਪਹਿਲਾਂ ਦਿੱਲੀ ਸਰਕਾਰ ਦਾ ਵੱਡਾ ਕਦਮ: ਮੀਡੀਆ ਤੇ ਆਮ ਲੋਕਾਂ ਲਈ ਖੁੱਲ੍ਹੇ ਕੇਜਰੀਵਾਲ ਦੇ ‘ਸ਼ੀਸ਼ ਮਹਿਲ’ ਦੇ ਦਰਵਾਜ਼ੇ
- ਪੰਜਾਬ
- (Asia/Kolkata)
ਦਿੱਲੀ ਦੀ ਮੌਜੂਦਾ ਰੇਖਾ ਗੁਪਤਾ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ‘ਫਲੈਗਸਟਾਫ’ ਸਥਿਤ ਸਾਬਕਾ ਸਰਕਾਰੀ ਰਿਹਾਇਸ਼ ਨੂੰ ਆਮ ਲੋਕਾਂ ਅਤੇ ਮੀਡੀਆ ਲਈ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਭਾਜਪਾ ਵੱਲੋਂ ਤਨਜ਼ ਵਜੋਂ ‘ਸ਼ੀਸ਼ ਮਹਿਲ’ ਕਹੇ ਜਾਣ ਵਾਲੇ ਇਸ ਆਲੀਸ਼ਾਨ ਬੰਗਲੇ ਨੂੰ ਮੌਜੂਦਾ ਸਰਕਾਰ ਵੱਲੋਂ ਜਿਉਂ ਦਾ ਤਿਉਂ ਸੰਭਾਲ ਕੇ ਰੱਖਿਆ ਗਿਆ ਹੈ, ਤਾਂ ਜੋ ਜਨਤਾ ਇਸ ਦੀ ਅਸਲ ਸਥਿਤੀ ਦੇਖ ਸਕੇ। ਅੱਜ ਪਹਿਲੇ ਪੜਾਅ ਤਹਿਤ ਮੀਡੀਆ ਨੂੰ ਇਸ ਕੰਪਲੈਕਸ ਦੇ ਅੰਦਰ ਲਿਜਾਇਆ ਗਿਆ ਹੈ ਅਤੇ ਇਸ ਤੋਂ ਬਾਅਦ ਜਲਦੀ ਹੀ ਆਮ ਜਨਤਾ ਨੂੰ ਵੀ ਬੰਗਲਾ ਦੇਖਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਜਾਇਦਾਦ ਦੀ ਦੇਖ-ਰੇਖ ਕਰਨ ਵਾਲੇ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.) ਦੇ ਮੰਤਰੀ ਪਰਵੇਸ਼ ਵਰਮਾ ਨੇ ਇਸ ਫੈਸਲੇ ਪਿੱਛੇ ਸਰਕਾਰ ਦਾ ਮਕਸਦ ਸਪੱਸ਼ਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਬੰਗਲੇ ਦੇ ਨਿਰਮਾਣ ਅਤੇ ਸਜਾਵਟ ਵਿੱਚ ਆਮ ਜਨਤਾ ਅਤੇ ਟੈਕਸਦਾਤਾਵਾਂ ਦਾ ਪੈਸਾ ਲੱਗਿਆ ਹੈ, ਇਸ ਲਈ ਸਰਕਾਰ ਲੋਕਾਂ ਨੂੰ ਇੱਕ-ਇੱਕ ਪੈਸੇ ਦਾ ਹਿਸਾਬ ਦੇਣ ਲਈ ਪੂਰੀ ਤਰ੍ਹਾਂ ਜਵਾਬਦੇਹ ਹੈ। ਵਰਮਾ ਅਨੁਸਾਰ, ਹਰ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਸਾਹਮਣੇ ਇਹ ਸਪੱਸ਼ਟ ਕਰੇ ਕਿ ਜਨਤਕ ਫੰਡਾਂ ਦੀ ਵਰਤੋਂ ਕਿੱਥੇ ਅਤੇ ਕਿਵੇਂ ਕੀਤੀ ਗਈ ਹੈ। ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਮੁਖੀ ਦੀ ਜੀਵਨ ਸ਼ੈਲੀ ’ਤੇ ਸਵਾਲ ਚੁੱਕਦਿਆਂ ਪਰਵੇਸ਼ ਵਰਮਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਲਈ ਖਰੀਦੀਆਂ ਗਈਆਂ ਸਾਰੀਆਂ ਵਸਤਾਂ ਦੇ ਵੇਰਵੇ ਵਿਸ਼ੇਸ਼ ਤੌਰ ’ਤੇ ਜਨਤਕ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਮੀਡੀਆ ਨੂੰ ਸੱਦਾ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਵਾਸੀ ਖੁਦ ਆ ਕੇ ਇਸ ਬੰਗਲੇ ਦਾ ਨਿਰੀਖਣ ਕਰ ਸਕਣਗੇ। ਦੂਜੇ ਪਾਸੇ, ਦਿੱਲੀ ਦੇ ਸੱਭਿਆਚਾਰ ਮੰਤਰੀ ਕਪਿਲ ਮਿਸ਼ਰਾ ਨੇ ਵੀ ਇਸ ਮੁੱਦੇ ’ਤੇ ਸਾਬਕਾ ਮੁੱਖ ਮੰਤਰੀ ਨੂੰ ਘੇਰਦਿਆਂ ਕਿਹਾ ਕਿ ਅੱਜ ਤੋਂ ਦਿੱਲੀ ਸਮੇਤ ਪੂਰੇ ਦੇਸ਼ ਦੇ ਲੋਕ ਇਸ ‘ਸ਼ੀਸ਼ ਮਹਿਲ’ ਦੀ ਹਕੀਕਤ ਦੇਖ ਸਕਣਗੇ। ਮਿਸ਼ਰਾ ਨੇ ਦੋਸ਼ ਲਾਇਆ ਕਿ ਜਦੋਂ ਕੋਵਿਡ-19 ਮਹਾਂਮਾਰੀ ਦੌਰਾਨ ਦਿੱਲੀ ਦੇ ਲੋਕ ਆਕਸੀਜਨ ਦੀ ਕਮੀ ਨਾਲ ਜੂਝ ਰਹੇ ਸਨ, ਉਸ ਸਮੇਂ ਇਸ ਆਲੀਸ਼ਾਨ ਰਿਹਾਇਸ਼ ਦੀ ਉਸਾਰੀ ਕਰਵਾਈ ਗਈ। ਕਪਿਲ ਮਿਸ਼ਰਾ ਨੇ ਅੱਗੇ ਕਿਹਾ ਕਿ ਜਿਸ ਆਗੂ ਨੇ ਕਦੇ ਇੱਕ ਕਮਰੇ ਵਾਲੇ ਸਾਧਾਰਨ ਘਰ ਵਿੱਚ ਰਹਿਣ ਦਾ ਦਾਅਵਾ ਕੀਤਾ ਸੀ, ਉਸੇ ਨੇ ਜਨਤਕ ਫੰਡਾਂ ਦੀ ਦੁਰਵਰਤੋਂ ਕੀਤੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਇਸ ਬੰਗਲੇ ਲਈ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਮਹਿੰਗਾ ਸਾਮਾਨ ਦਰਾਮਦ ਕੀਤਾ ਗਿਆ ਸੀ, ਜਿਸ ਵਿੱਚ ਵੀਅਤਨਾਮ ਤੋਂ ਮੰਗਵਾਇਆ ਗਿਆ ਸੰਗਮਰਮਰ ਅਤੇ ਵਿਦੇਸ਼ਾਂ ਤੋਂ ਖਰੀਦੀ ਗਈ ਕਰੌਕਰੀ ਤੇ ਮੇਜ਼ ਸ਼ਾਮਲ ਹਨ। ਮੰਤਰੀ ਨੇ ਕਿਹਾ ਕਿ ਮੀਡੀਆ ਦੇ ਕੈਮਰਿਆਂ ਰਾਹੀਂ ਹੁਣ ਪੂਰਾ ਦੇਸ਼ ਇਸ ਸੱਚਾਈ ਨੂੰ ਆਪਣੀਆਂ ਅੱਖਾਂ ਨਾਲ ਦੇਖੇਗਾ।
Leave a Reply