ਮੋਗਾ ਰੈਲੀ ਲਈ ਧੂਰੀ ਤੋਂ 30 ਬੱਸਾਂ ਦਾ ਵੱਡਾ ਕਾਫ਼ਲਾ ਹੋਇਆ ਰਵਾਨਾ

ਮੋਗਾ ਰੈਲੀ ਲਈ ਧੂਰੀ ਤੋਂ 30 ਬੱਸਾਂ ਦਾ ਵੱਡਾ ਕਾਫ਼ਲਾ ਹੋਇਆ ਰਵਾਨਾ

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਬਣੀ ਲੋਕ ਲਹਿਰ : ਦਲਵੀਰ ਸਿੰਘ ਢਿੱਲੋਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਸ਼ੁਰੂ ਕੀਤੀ ਗਈ ਸੂਬਾ-ਪੱਧਰੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਅੱਜ ਮੋਗਾ ਵਿਖੇ ਵਿਲੇਜ਼ ਡਿਫੈਂਸ ਕਮੇਟੀਆਂ ਅਤੇ ਪਿੰਡਾਂ ਦੇ ਪਹਿਰੇਦਾਰਾਂ ਦੀ ਰੈਲੀ ਵਿੱਚ ਭਾਗ ਲੈਣ ਲਈ ਧੂਰੀ ਤੋਂ 30 ਬੱਸਾਂ ਦਾ ਵੱਡਾ ਕਾਫ਼ਲਾ ਬੜੇ ਜੋਸ਼ ਅਤੇ ਉਤਸ਼ਾਹ ਨਾਲ ਰਵਾਨਾ ਹੋਇਆ। ਬੱਸਾਂ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਇਹ ਮੁਹਿੰਮ ਸਿਰਫ਼ ਸਰਕਾਰੀ ਮੁਹਿੰਮ ਨਹੀਂ, ਸਗੋਂ ਲੋਕਾਂ ਦੀ ਭਾਗੀਦਾਰੀ ਨਾਲ ਬਣਦੀ ਇੱਕ ਲੋਕ ਲਹਿਰ ਹੈ। ਉਨ੍ਹਾਂ ਕਿਹਾ ਕਿ ਮੋਗਾ ਵਿੱਚ ਹੋ ਰਹੀ ਇਹ ਰੈਲੀ ਪਿੰਡ ਪੱਧਰ ’ਤੇ ਨਸ਼ਿਆਂ ਵਿਰੁੱਧ ਜੰਗ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਸਮਾਜ ਵਿੱਚ ਸਾਂਝੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਭਾਰੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਨਾਲ-ਨਾਲ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮਾਂ ਨੂੰ ਵੀ ਤੇਜ਼ ਕਰ ਰਹੀ ਹੈ। ਪਿੰਡਾਂ ਦੇ ਪਹਿਰੇਦਾਰ ਇਸ ਮੁਹਿੰਮ ਦੀ ਰੀੜ੍ਹ ਦੀ ਹੱਡੀ ਹਨ, ਜੋ ਆਪਣੇ-ਆਪਣੇ ਖੇਤਰਾਂ ਵਿੱਚ ਨਿਗਰਾਨੀ, ਜਾਗਰੂਕਤਾ ਅਤੇ ਸਮਾਜਕ ਸਹਿਯੋਗ ਰਾਹੀਂ ਨਸ਼ਾ-ਮੁਕਤ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਚੇਅਰਮੈਨ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਹਰ ਇਕ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਮੋਗਾ ਵਿੱਚ ਹੋਣ ਵਾਲੀ ਇਹ ਮੀਟਿੰਗ ਨਵੀਂਆਂ ਰਣਨੀਤੀਆਂ, ਸਾਂਝੇ ਤਜਰਬਿਆਂ ਅਤੇ ਮਜ਼ਬੂਤ ਸਹਿਯੋਗ ਰਾਹੀਂ ਇਸ ਮੁਹਿੰਮ ਨੂੰ ਹੋਰ ਗਤੀ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਸਮੇਤ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸ਼ਾਮਲ ਹੋਵੇਗੀ। ਇਸ ਮੌਕੇ ਅਨਿਲ ਕੁਮਾਰ, ਰਛਪਾਲ ਸਿੰਘ, ਗਗਨ ਜਵੰਦਾ, ਜਗਸੀਰ ਸਿੰਘ ਲੱਡਾ, ਮਿਲਖ ਰਾਜ, ਤਰਸੇਮ ਕਲਸੀ, ਸਰਪੰਚ ਮੀਮਸਾ ਗੋਪੀ, ਸਰਪੰਚ ਬਰੜਵਾਲ ਕਰਮਜੀਤ ਸਿੰਘ, ਸਰਪੰਚ ਮੂਲੋਵਾਲ ਸੁਖਚੈਨ ਸਿੰਘ, ਸਰਪੰਚ ਰਾਜੋਮਾਜਰਾ ਮਨਪ੍ਰੀਤ ਸਿੰਘ, ਕੁਲਜੀਤ ਧਵਨ, ਕੌਂਸਲਰ ਵਾਰਡ ਨੰਬਰ 21 ਭੁਪਿੰਦਰ ਸਿੰਘ, ਹੈਪੀ ਗਰਗ, ਬਿੱਲਾ ਧਰਮਸੋਤ, ਬਲਾਲ ਖ਼ਾਨ, ਜਗਰਾਜ ਸਿੰਘ ਅਤੇ ਅਮਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਪਹਿਰੇਦਾਰ ਅਤੇ ਸਮਰਥਕ ਮੌਜੂਦ ਸਨ। ਮੌਕੇ ’ਤੇ ਮੌਜੂਦ ਸਭ ਨੇ ਇਕਜੁੱਟ ਹੋ ਕੇ ਨਸ਼ਾ-ਮੁਕਤ ਪੰਜਾਬ ਦੇ ਅਹਿਦ ਨੂੰ ਦੁਹਰਾਇਆ ਅਤੇ ਇਸ ਜੰਗ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਆਪਣੀ ਪੂਰੀ ਭਾਗੀਦਾਰੀ ਦਾ ਭਰੋਸਾ ਦਿੱਤਾ।