ਜ਼ਿੰਬਾਬਵੇ ’ਚ ਭਿਆਨਕ ਸੜਕ ਹਾਦਸਾ: ਮਿੰਨੀ ਬੱਸ ਤੇ ਟਰੱਕ ਦੀ ਟੱਕਰ, 27 ਮੌਤਾਂ
- ਵਿਦੇਸ਼
- (Asia/Kolkata)
ਜ਼ਿੰਬਾਬਵੇ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ 27 ਲੋਕਾਂ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਚਰਚ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੀ ਇੱਕ ਮਿੰਨੀ ਬੱਸ ਦੀ ਇੱਕ ਟਰੱਕ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ। ਪੁਲੀਸ ਦੇ ਬੁਲਾਰੇ ਪਾਲ ਨਿਆਥੀ ਮੁਤਾਬਕ, ਮਿੰਨੀ ਬੱਸ ਵਿੱਚ ਸਵਾਰ ਇਸਾਈ ਧਰਮ ਦੇ ਸ਼ਰਧਾਲੂ ਇੱਕ ਧਾਰਮਿਕ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਹਾਦਸਾ ਰਾਜਧਾਨੀ ਹਰਾਰੇ ਤੋਂ ਲਗਭਗ 132 ਕਿਲੋਮੀਟਰ ਦੱਖਣ ਵੱਲ ਚਿਵਹ ਕਸਬੇ ਨੇੜੇ ਇੱਕ ਮੁੱਖ ਹਾਈਵੇਅ ’ਤੇ ਵਾਪਰਿਆ। ਪੁਲੀਸ ਅਨੁਸਾਰ, ਟਰੱਕ ਦਾ ਡਰਾਈਵਰ ਇੱਕ ਹੋਰ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸੇ ਦੌਰਾਨ ਟਰੱਕ ਸਾਹਮਣੇ ਤੋਂ ਆ ਰਹੀ ਮਿੰਨੀ ਬੱਸ ਨਾਲ ਟਕਰਾ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਮਿੰਨੀ ਬੱਸ ਨੂੰ ਅੱਗ ਲੱਗ ਗਈ ਅਤੇ ਉਹ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਪੁਲੀਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 23 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਲੋਕਾਂ ਨੇ ਸਥਾਨਕ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲੀਸ ਬੁਲਾਰੇ ਨੇ ਦੱਸਿਆ ਕਿ ਦੋਵਾਂ ਵਾਹਨਾਂ ਵਿੱਚ ਕੁੱਲ ਕਿੰਨੇ ਯਾਤਰੀ ਸਵਾਰ ਸਨ, ਇਸ ਬਾਰੇ ਤੁਰੰਤ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ। ਸਥਾਨਕ ਮੀਡੀਆ ਵੱਲੋਂ ਜਾਰੀ ਕੀਤੀਆਂ ਤਸਵੀਰਾਂ ਵਿੱਚ ਹਾਦਸੇ ਤੋਂ ਬਾਅਦ ਮਿੰਨੀ ਬੱਸ ਨੂੰ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਦਿਖਾਇਆ ਗਿਆ ਹੈ। ਜ਼ਿੰਬਾਬਵੇ ’ਚ ਸੜਕ ਹਾਦਸੇ ਆਮ ਜ਼ਿੰਬਾਬਵੇ ਵਿੱਚ ਭੀੜ-ਭੜੱਕੇ ਵਾਲੀਆਂ ਬੱਸਾਂ, ਮਿੰਨੀ ਬੱਸਾਂ ਅਤੇ ਛੋਟੇ ਵਾਹਨਾਂ ਨਾਲ ਜੁੜੇ ਸੜਕ ਹਾਦਸੇ ਅਕਸਰ ਵਾਪਰਦੇ ਹਨ। ਇਨ੍ਹਾਂ ਹਾਦਸਿਆਂ ਦੇ ਮੁੱਖ ਕਾਰਨਾਂ ਵਿੱਚ ਖ਼ਤਰਨਾਕ ਡਰਾਈਵਿੰਗ ਅਤੇ ਮਾੜੀਆਂ ਸੜਕਾਂ ਨੂੰ ਮੰਨਿਆ ਜਾਂਦਾ ਹੈ। ਅਧਿਕਾਰੀਆਂ ਮੁਤਾਬਕ ਜ਼ਿੰਬਾਬਵੇ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ ਜਿੱਥੇ ਸੜਕ ਸੁਰੱਖਿਆ ਦਾ ਰਿਕਾਰਡ ਬਹੁਤ ਮਾੜਾ ਹੈ। ਉਨ੍ਹਾਂ ਅਨੁਸਾਰ ਦੇਸ਼ ਵਿੱਚ 94 ਫੀਸਦੀ ਸੜਕ ਹਾਦਸਿਆਂ ਲਈ ਮਨੁੱਖੀ ਗਲਤੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਯੂਨਾਈਟਿਡ ਨੇਸ਼ਨਜ਼ ਇਕਨਾਮਿਕ ਕਮਿਸ਼ਨ ਫਾਰ ਅਫਰੀਕਾ ਦੇ ਅੰਕੜਿਆਂ ਮੁਤਾਬਕ ਪੂਰੇ ਅਫ਼ਰੀਕਾ ਵਿੱਚ ਹਰ ਸਾਲ ਸੜਕ ਹਾਦਸਿਆਂ ਕਾਰਨ ਲਗਭਗ 300,000 ਲੋਕਾਂ ਦੀ ਮੌਤ ਹੁੰਦੀ ਹੈ। ਇਹ ਗਿਣਤੀ ਦੁਨੀਆ ਭਰ ਵਿੱਚ ਸੜਕ ਹਾਦਸਿਆਂ ਨਾਲ ਹੋਣ ਵਾਲੀਆਂ ਕੁੱਲ ਮੌਤਾਂ ਦਾ ਲਗਭਗ ਇੱਕ ਚੌਥਾਈ ਹਿੱਸਾ ਹੈ।
Leave a Reply