ਕੈਨੇਡਾ: ਮਿਸੀਸਾਗਾ ’ਚ ਪੰਜਾਬੀ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਹੱਤਿਆ
- ਵਿਦੇਸ਼
- 15 May,2025

ਵੈਨਕੂਵਰ : ਮਿਸੀਸਾਗਾ ਦੀ ਡੈਰੀ ਰੋਡ ਨੇੜੇ ਟੈਲਫੋਰਡ ਵੇਅ ਤੇ ਪੰਜਾਬੀ ਕਾਰੋਬਾਰੀ ਹਰਜੀਤ ਸਿੰਘ ਢੱਡਾ (50) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਪੁਲੀਸ ਨੇ ਮ੍ਰਿਤਕ ਦੀ ਪਹਿਚਾਣ ਜ਼ਾਹਿਰ ਨਹੀਂ ਕੀਤੀ, ਪਰ ਘਟਨਾ ਸਥਾਨ ’ਤੇ ਮੌਜੂਦ ਸੂਤਰਾਂ ਨੇ ਦੱਸਿਆ ਕਿ ਵਾਰਦਾਤ ਮੌਕੇ ਹਰਜੀਤ ਸਿੰਘ ਢੱਡਾ ਆਪਣੇ ਦਫਤਰ ਦੇ ਬਾਹਰ ਖੜੇ ਆਪਣੇ ਵਾਹਨ ਨਜ਼ਦੀਕ ਆਇਆ ਤਾਂ ਪਹਿਲਾਂ ਤੋਂ ਤਾਕ ਲਾ ਕੇ ਖੜੇ ਅਣਪਛਾਤੇ ਦੋਸ਼ੀਆਂ ਨੇ ਉਸ ’ਤੇ 15-16 ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਮੌਕੇ ਪਾਰਕਿੰਗ ’ਚ ਮੌਜੂਦ ਲੋਕਾਂ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ। ਢੱਡਾ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਉਸ ਨੇ ਦਮ ਤੋੜ ਦਿੱਤਾ।
ਪੁਲੀਸ ਬੁਲਾਰੀ ਮਾਈਕਲ ਸਟੈਫਰਡ ਨੇ ਕਿਹਾ ਕਿ ਕੇਸ ਜਾਂਚ ਅਧਿਕਾਰੀਆਂ ਨੂੰ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦਾ ਪਤਾ ਲਾਉਣ ਲਈ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਖੰਗਾਲੀ ਜਾ ਰਹੀ ਹੈ। ਇਕ ਚਸ਼ਮਦੀਦ ਨੇ ਦੱਸਿਆ, ‘‘ਉਹ ਥੋੜੀ ਦੂਰ ਖੜਾ ਸੀ, ਜਦੋਂ ਬੰਦੂਕਧਾਰੀ ਪਾਰਕਿੰਗ ’ਚ ਖੜੀ ਕਾਰ ’ਚੋਂ ਨਿਕਲੇ ਅਤੇ ਗੋਲੀਆਂ ਚਲਾ ਕੇ ਵਾਪਸ ਉਸੇ ਕਾਰ ਵਿਚ ਫਰਾਰ ਹੋ ਗਏ।’’
ਉੱਥੇ ਨਜ਼ਦੀਕ ਸਥਿਤ ਲਾਅ ਫਰਮ ਦੇ ਇਕ ਮੁਲਾਜ਼ਮ ਨੇ ਦੱਸਿਆ ਕਿ ਇਕ ਗੋਲੀ ਉਨ੍ਹਾਂ ਦੇ ਦਫਤਰ ਅੰਦਰ ਆਕੇ ਉਸ ਦੀ ਖਾਲੀ ਕੁਰਸੀ ’ਤੇ ਲੱਗੀ ਵੱਜੀ, ਕਿਸੇ ਕੰਮ ਲਈ ਉਹ ਕੁਰਸੀ ਤੋਂ ਉੱਠਿਆ ਸੀ ਜਿਸ ਕਾਰਣ ਉਸਦਾ ਜਾਨੀ ਬਚਾਅ ਹੋ ਗਿਆ। ਜ਼ਿਕਰਯੋਗ ਹੈ ਕਿ ਮਿਸੀਸਾਗਾ ਵਿਚ ਇਸ ਸਾਲ ਦੀ ਸ਼ੁਰੂਆਤ ਵਿਚ ਇਹ ਛੇਵਾਂ ਕਤਲ ਹੋਇਆ ਹੈ, ਜਿਸ ਕਾਰਨ ਲੋਕ ਸਹਿਮੇ ਹੋਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਉਤਰਾਖੰਡ ਦੇ ਬਾਜਪੁਰ ਜਿਲ੍ਹੇ ਤੋਂ ਕਿਸਾਨੀ ਪਿਛੋਕੜ ਨਾਲ ਸਬੰਧਤ ਹਰਜੀਤ ਸਿੰਘ ਢੱਡਾ ਕਰੀਬ 30 ਵਰ੍ਹੇ ਪਹਿਲਾਂ ਕੈਨੇਡਾ ਆਏ ਸਨ ਤੇ ਟਰੱਕਾਂ ਸਬੰਧਤ ਸਹੂਲਤਾਂ ਪ੍ਰਦਾਨ ਕਰਨ ਦੇ ਵੱਡੇ ਕਾਰੋਬਾਰੀ ਸਨ। ਨਜ਼ਦੀਕੀਆਂ ਨੇ ਦੱਸਿਆ ਕਿ ਕੁਝ ਸਮੇਂ ਤੋਂ ਉਸ ਨੂੰ ਖ਼ਤਮ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਤੇ ਪੀਲ ਪੁਲੀਸ ਨੇ ਵੀ ਹਰਜੀਤ ਨੂੰ ਸੁਚੇਤ ਕੀਤਾ ਹੋਇਆ ਸੀ। ਹਰਜੀਤ ਸਿੰਘ ਨੂੰ ਦੇ ਨਜ਼ੀਦੀਕੀਆਂ ਨੇ ਪਹਿਚਾਣ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਭਾਰਤੀ ਨੰਬਰਾਂ ਤੋਂ ਆਉਂਦੀਆਂ ਧਮਕੀਆਂ ਕਾਰਨ ਕੁਝ ਸਮੇਂ ਤੋਂ ਉਹ ਪ੍ਰੇਸ਼ਾਨ ਰਹਿਣ ਲੱਗਿਆ ਸੀ।
#MississaugaShooting #PunjabiBusinessman #CanadaCrime #MississaugaNews #PunjabiCommunity #GunViolence #JusticeForVictim #CanadaNews #DiasporaNews #IndianAbroad
Posted By:

Leave a Reply