ਕਪੂਰਥਲਾ ਵਿਖੇ 9 ਅਕਤੂਬਰ ਨੂੰ ਹੋਵੇਗਾ ਸੂਫੀ ਸੰਤ ਸਮਾਜ ਸੰਮੇਲਨ: ਕੈਬਨਿਟ ਮੰਤਰੀ ਮਹਿੰਦਰ ਭਗਤ ਅਤੇ ਦੀਪਕ ਬਾਲੀ ਸਣੇ ਕਈ ਪ੍ਰਮੁੱਖ ਆਗੂ ਕਰਨਗੇ ਸ਼ਿਰਕਤ

ਕਪੂਰਥਲਾ ਵਿਖੇ 9 ਅਕਤੂਬਰ ਨੂੰ ਹੋਵੇਗਾ ਸੂਫੀ ਸੰਤ ਸਮਾਜ ਸੰਮੇਲਨ: ਕੈਬਨਿਟ ਮੰਤਰੀ ਮਹਿੰਦਰ ਭਗਤ ਅਤੇ ਦੀਪਕ ਬਾਲੀ ਸਣੇ ਕਈ ਪ੍ਰਮੁੱਖ ਆਗੂ ਕਰਨਗੇ ਸ਼ਿਰਕਤ

ਸਾਰੇ ਸੰਤ ਸਮਾਜ ਨੂੰ ਇੱਕ ਝੰਡੇ ਹੇਠ ਲਿਆਉਣਾ ਪੰਜਾਬ ਸਰਕਾਰ ਦੇ ਸੂਫੀ ਸੰਤ ਸਮਾਜ ਬੋਰਡ ਦਾ ਮੁੱਖ ਉਦੇਸ਼: ਚੇਅਰਮੈਨ ਦੀਪਕ ਸ਼ਾਹ
ਸੰਮੇਲਨ ਦੀਆਂ ਤਿਆਰੀਆਂ ਮੁਕੰਮਲ, ਸੁਖਜਿੰਦਰ ਸਿੰਘ ਪਹਿਲਵਾਨ ਪਰਿਵਾਰ ਵੱਲੋਂ ਮਿਲ ਰਿਹਾ ਹੈ ਵਿਸ਼ੇਸ਼ ਸਹਿਯੋਗ
(ਇੰਦਰਜੀਤ ਚਾਹਲ) ਪੰਜਾਬ ਸਰਕਾਰ ਦੇ 'ਸੂਫੀ ਸੰਤ ਸਮਾਜ ਭਲਾਈ ਬੋਰਡ' ਵੱਲੋਂ ਪੂਰੇ ਸੂਬੇ ਵਿੱਚ ਕਰਵਾਏ ਜਾ ਰਹੇ ਸੰਮੇਲਨਾਂ ਦੀ ਲੜੀ ਤਹਿਤ ਦੂਜਾ ਵੱਡਾ ਸੂਫੀ ਸੰਤ ਸਮਾਜ ਸੰਮੇਲਨ 9 ਅਕਤੂਬਰ ਨੂੰ ਕਪੂਰਥਲਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਮੇਲਨ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਦਿੰਦਿਆਂ ਬੋਰਡ ਦੇ ਚੇਅਰਮੈਨ ਦੀਪਕ ਸ਼ਾਹ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਬੋਰਡ ਦੇ ਗਠਨ ਦਾ ਮੁੱਖ ਮਕਸਦ ਵੱਖ-ਵੱਖ ਸੰਤ ਸਮਾਜਾਂ ਅਤੇ ਧਾਰਮਿਕ ਵਿਚਾਰਧਾਰਾਵਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਨਾ ਹੈ। ਉਨ੍ਹਾਂ ਉਮੀਦ ਜਤਾਈ ਕਿ ਕਪੂਰਥਲਾ ਦੀ ਧਰਤੀ 'ਤੇ ਹੋਣ ਵਾਲਾ ਇਹ ਸੰਮੇਲਨ ਆਪਸੀ ਏਕਤਾ ਅਤੇ ਭਾਈਚਾਰਕ ਸਾਂਝ ਦੀ ਇੱਕ ਵੱਖਰੀ ਛਾਪ ਛੱਡੇਗਾ।ਚੇਅਰਮੈਨ ਦੀਪਕ ਸ਼ਾਹ ਨੇ ਦੱਸਿਆ ਕਿ ਇਸ ਵਿਸ਼ੇਸ਼ ਸਮਾਗਮ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਅਤੇ ਦੀਪਕ ਬਾਲੀ ਸਮੇਤ ਕਈ ਹੋਰ ਪ੍ਰਮੁੱਖ ਸਿਆਸੀ ਅਤੇ ਧਾਰਮਿਕ ਆਗੂ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਣਗੇ। ਸੰਮੇਲਨ ਦੌਰਾਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਹਰ ਧਰਮ ਨਾਲ ਜੁੜੇ ਸੰਤ ਮਹਾਂਪੁਰਸ਼ ਵੱਡੀ ਗਿਣਤੀ ਵਿੱਚ ਪਹੁੰਚ ਕੇ ਧਾਰਮਿਕ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ ਅਤੇ ਸਮਾਜਿਕ ਸਦਭਾਵਨਾ ਨੂੰ ਮਜ਼ਬੂਤ ਕਰਨ 'ਤੇ ਚਰਚਾ ਕਰਨਗੇ।ਇਸ ਸੰਮੇਲਨ ਨੂੰ ਸਫ਼ਲ ਬਣਾਉਣ ਲਈ ਪਿੰਡ ਬਰਿੰਦਪੁਰ ਦੇ ਨਿਵਾਸੀ ਅਤੇ ਕਪੂਰਥਲਾ ਨਾਲ ਵਿਸ਼ੇਸ਼ ਸਬੰਧ ਰੱਖਣ ਵਾਲੇ ਸੁਖਜਿੰਦਰ ਸਿੰਘ ਪਹਿਲਵਾਨ ਦੇ ਪਰਿਵਾਰ ਵੱਲੋਂ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਚੇਅਰਮੈਨ ਨੇ ਉਨ੍ਹਾਂ ਦੇ ਇਸ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਦਾ ਸਹਿਯੋਗ ਹੀ ਅਜਿਹੇ ਨੇਕ ਕਾਰਜਾਂ ਨੂੰ ਸਫ਼ਲ ਬਣਾਉਂਦਾ ਹੈ। ਇਸ ਮੌਕੇ ਸੁਖਜਿੰਦਰ ਸਿੰਘ ਪਹਿਲਵਾਨ ਦੇ ਪਰਿਵਾਰ ਵੱਲੋਂ ਸਮੂਹ ਸੰਗਤਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 9 ਅਕਤੂਬਰ ਨੂੰ ਇਸ ਸੰਮੇਲਨ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਆਪਸੀ ਭਾਈਚਾਰੇ ਤੇ ਧਾਰਮਿਕ ਏਕਤਾ ਦੇ ਇਸ ਸੰਦੇਸ਼ ਦਾ ਹਿੱਸਾ ਬਣਨ। ਇਸ ਮੌਕੇ ਤੇ ਜਸਵੀਰ ਸਿੰਘ ਬਰਿੰਦਪੁਰ ਨੇ ਵੀ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਸਮਾਗਮ ਵਿੱਚ ਵੱਧ ਚੜ੍ਹਕੇ ਸ਼ਿਰਕਤ ਕਰਨ ਦੀ ਅਪੀਲ ਕੀਤੀ।