ਬਿੱਗ ਬੌਸ 20 ਵਿਵਾਦ: ਰੋਹਿਤ ਸ਼ੈੱਟੀ ਨੇ ਫਰਜ਼ੀ ਸੋਸ਼ਲ ਮੀਡੀਆ ਅਕਾਊਂਟਸ ਤੋਂ ਸਾਵਧਾਨ ਰਹਿਣ ਦੀ ਕੀਤੀ ਅਪੀਲ

ਬਿੱਗ ਬੌਸ 20 ਵਿਵਾਦ: ਰੋਹਿਤ ਸ਼ੈੱਟੀ ਨੇ ਫਰਜ਼ੀ ਸੋਸ਼ਲ ਮੀਡੀਆ ਅਕਾਊਂਟਸ ਤੋਂ ਸਾਵਧਾਨ ਰਹਿਣ ਦੀ ਕੀਤੀ ਅਪੀਲ

ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਰੋਹਿਤ ਸ਼ੈੱਟੀ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਨਾਂ ਨਾਲ ਵਾਇਰਲ ਹੋ ਰਹੀ ਇੱਕ ਫਰਜ਼ੀ ਪੋਸਟ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਫੇਸਬੁੱਕ ਅਤੇ ਐਕਸ (X) ’ਤੇ ਉਨ੍ਹਾਂ ਦਾ ਕੋਈ ਅਧਿਕਾਰਤ ਖਾਤਾ ਨਹੀਂ ਹੈ। ਇਨ੍ਹਾਂ ਪਲੇਟਫਾਰਮਾਂ ’ਤੇ ਉਨ੍ਹਾਂ ਦੇ ਨਾਂ ਨਾਲ ਚੱਲ ਰਹੀਆਂ ਪ੍ਰੋਫਾਈਲਾਂ ਨੂੰ ਉਨ੍ਹਾਂ ਨੇ ਫਰਜ਼ੀ ਕਰਾਰ ਦਿੱਤਾ ਹੈ।
 

ਰੋਹਿਤ ਸ਼ੈੱਟੀ ਨੇ ਮੰਗਲਵਾਰ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਇੱਕ ਬਿਆਨ ਸਾਂਝਾ ਕਰਦਿਆਂ ਇਸ ਮਾਮਲੇ ’ਤੇ ਸਥਿਤੀ ਸਪੱਸ਼ਟ ਕੀਤੀ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਸਿਰਫ਼ ਇੰਸਟਾਗ੍ਰਾਮ ਰਾਹੀਂ ਹੀ ਅਧਿਕਾਰਤ ਮੌਜੂਦਗੀ ਹੈ। ਫੇਸਬੁੱਕ ਜਾਂ ਐਕਸ ’ਤੇ ਉਨ੍ਹਾਂ ਦਾ ਕੋਈ ਖਾਤਾ ਨਹੀਂ ਹੈ।
 

ਉਨ੍ਹਾਂ ਆਪਣੇ ਬਿਆਨ ਵਿੱਚ ਕਿਹਾ ਕਿ ਜੇਕਰ ਕੋਈ ਪ੍ਰੋਫਾਈਲ ਇਨ੍ਹਾਂ ਪਲੇਟਫਾਰਮਾਂ ’ਤੇ ਉਨ੍ਹਾਂ ਦੇ ਨਾਂ ਨਾਲ ਮੌਜੂਦ ਹੈ ਜਾਂ ਉਨ੍ਹਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਦੀ ਹੈ ਤਾਂ ਉਹ ਪੂਰੀ ਤਰ੍ਹਾਂ ਫਰਜ਼ੀ ਅਤੇ ਗੈਰ-ਅਧਿਕਾਰਤ ਹੈ। ਉਨ੍ਹਾਂ ਲੋਕਾਂ ਨੂੰ ਅਜਿਹੇ ਖਾਤਿਆਂ ਨਾਲ ਜੁੜਨ ਤੋਂ ਬਚਣ ਅਤੇ ਉਨ੍ਹਾਂ ਰਾਹੀਂ ਸਾਂਝੀ ਕੀਤੀ ਜਾਣ ਵਾਲੀ ਕਿਸੇ ਵੀ ਸਮੱਗਰੀ ਨੂੰ ਉਨ੍ਹਾਂ ਦਾ ਬਿਆਨ ਨਾ ਮੰਨਣ ਦੀ ਅਪੀਲ ਕੀਤੀ।
 

ਸਕਾਊਟ ਓਪੀ ਅਤੇ ਲਵ ਗਿੱਲ ਨਾਲ ਜੁੜੀ ਸੀ ਫਰਜ਼ੀ ਪੋਸਟ
 

ਦਰਅਸਲ, ਫੇਸਬੁੱਕ ’ਤੇ ਇੱਕ ਪੋਸਟ ਵਾਇਰਲ ਹੋਈ ਸੀ, ਜਿਸ ਵਿੱਚ ਕਾਮੇਡੀਅਨ ਗੌਰਵ ਗੁਪਤਾ ਵੱਲੋਂ 'ਬਿੱਗ ਬੌਸ 20' ਦੇ ਪ੍ਰਤੀਯੋਗੀਆਂ ਸਕਾਊਟ ਓਪੀ (Scout OP) ਅਤੇ ਲਵ ਗਿੱਲ ਨੂੰ ਰੋਸਟ ਕਰਨ ਦੀ ਆਲੋਚਨਾ ਕੀਤੀ ਗਈ ਸੀ। ਇਸ ਪੋਸਟ ਨੂੰ ਗਲਤ ਤਰੀਕੇ ਨਾਲ ਰੋਹਿਤ ਸ਼ੈੱਟੀ ਨਾਲ ਜੋੜ ਦਿੱਤਾ ਗਿਆ ਸੀ।
 

ਜ਼ਿਕਰਯੋਗ ਹੈ ਕਿ ਪਿਛਲੇ ਸ਼ਨਿਚਰਵਾਰ ਪ੍ਰਸਾਰਿਤ ਹੋਏ 'ਬਿੱਗ ਬੌਸ 20' ਦੇ ਐਪੀਸੋਡ ਵਿੱਚ ਕਾਮੇਡੀਅਨ ਗੌਰਵ ਗੁਪਤਾ ਨੇ ਸ਼ੋਅ ਦੇ ਪ੍ਰਤੀਯੋਗੀਆਂ ਨੂੰ ਰੋਸਟ ਕੀਤਾ ਸੀ। ਹਾਲਾਂਕਿ, ਉਨ੍ਹਾਂ ਦੀਆਂ ਕੁਝ ਟਿੱਪਣੀਆਂ ਨੂੰ ਸੋਸ਼ਲ ਮੀਡੀਆ ’ਤੇ ਕਈ ਯੂਜ਼ਰਜ਼ ਨੇ ਪਸੰਦ ਨਹੀਂ ਕੀਤਾ। ਇਸ ਤੋਂ ਬਾਅਦ ਆਨਲਾਈਨ ਉਨ੍ਹਾਂ ਦੀ ਆਲੋਚਨਾ ਵੀ ਹੋਈ।
 

ਇਸੇ ਮਾਮਲੇ ਨਾਲ ਜੁੜੀ ਫਰਜ਼ੀ ਪੋਸਟ ਵਾਇਰਲ ਹੋਣ ਤੋਂ ਬਾਅਦ ਰੋਹਿਤ ਸ਼ੈੱਟੀ ਨੇ ਆਪਣੇ ਨਾਂ ਦੀ ਦੁਰਵਰਤੋਂ ਬਾਰੇ ਸਪੱਸ਼ਟੀਕਰਨ ਦਿੱਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਪੁਸ਼ਟੀ ਕੀਤੀ ਜਾਣਕਾਰੀ ’ਤੇ ਭਰੋਸਾ ਨਾ ਕਰਨ।