ਪੰਜਾਬ–ਹਰਿਆਣਾ ਜੁਡੀਸ਼ੀਅਲ ਇਮਤਿਹਾਨਾਂ ‘ਚ ਪ੍ਰਭਜੋਤ ਸਿੰਘ ਸਚਦੇਵਾ ਦੀ ਸ਼ਾਨਦਾਰ ਕਾਮਯਾਬੀ
- ਪੰਜਾਬ
- (Asia/Kolkata)
38 ਸਾਲਾ ਐਡਵੋਕੇਟ ਬਣਨਗੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਲੁਧਿਆਣਾ ਦੇ ਐਡਵੋਕੇਟ ਪ੍ਰਭਜੋਤ ਸਿੰਘ ਸਚਦੇਵਾ ਨੇ ਨਿਆਂਇਕ ਖੇਤਰ ਵਿੱਚ ਮਿਸਾਲ ਕਾਇਮ ਕੀਤੀ, ਉਨ੍ਹਾਂ ਨੇ ‘ਪੰਜਾਬ ਹਾਇਰ ਜੁਡੀਸ਼ੀਅਲ ਸਰਵਿਸਿਜ਼’ ਅਤੇ ‘ਹਰਿਆਣਾ ਹਾਇਰ ਜੁਡੀਸ਼ੀਅਲ ਸਰਵਿਸਿਜ਼’ ਦੋਵਾਂ ਪ੍ਰੀਖਿਆਵਾਂ ਵਿੱਚੋਂ ਪਹਿਲਾ ਰੈਂਕ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। 38 ਸਾਲਾ ਸਚਦੇਵਾ, ਜੋ ਪਿਛਲੇ 14 ਸਾਲਾਂ ਤੋਂ ਲੁਧਿਆਣਾ ਦੀਆਂ ਜ਼ਿਲ੍ਹਾ ਕਚਹਿਰੀਆਂ ਵਿੱਚ ਵਕਾਲਤ ਕਰ ਰਹੇ ਹਨ, ਹੁਣ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਜੋਂ ਆਪਣੀਆਂ ਸੇਵਾਵਾਂ ਦੇਣਗੇ। ਲੁਧਿਆਣਾ ਦੇ ਐਸ.ਸੀ.ਡੀ. ਸਰਕਾਰੀ ਕਾਲਜ ਅਤੇ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਦੇ ਵਿਦਿਆਰਥੀ ਰਹੇ ਪ੍ਰਭਜੋਤ ਨੇ ਆਪਣੀ ਸਫ਼ਲਤਾ ਦਾ ਸਿਹਰਾ ਪਰਮਾਤਮਾ ਦੀ ਬਖਸ਼ਿਸ਼, ਆਪਣੇ ਪਰਿਵਾਰ ਦੇ ਸਹਿਯੋਗ ਅਤੇ ਆਪਣੇ ਸਵਰਗੀ ਮਾਰਗਦਰਸ਼ਕ ਐਡਵੋਕੇਟ ਮਦਨ ਲਾਲ ਸ਼ਰਮਾ ਨੂੰ ਦਿੱਤਾ ਹੈ। ਪ੍ਰਭਜੋਤ ਸਿੰਘ ਨੇ ਆਪਣੀ ਸਫ਼ਲਤਾ ’ਤੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਸਫ਼ਲਤਾ ਰਾਤੋ-ਰਾਤ ਨਹੀਂ ਮਿਲੀ, ਸਗੋਂ ਸਾਲਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਸਬਰ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਉੱਚ ਨਿਆਂਪਾਲਿਕਾ ਵਿੱਚ ਜਾ ਕੇ ਉਨ੍ਹਾਂ ਦੀ ਜ਼ਿੰਮੇਵਾਰੀ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਬਣਾਈ ਰੱਖਣ ਅਤੇ ਇਨਸਾਫ਼ ਨੂੰ ਯਕੀਨੀ ਬਣਾਉਣ ਦੀ ਹੋਵੇਗੀ। ਇਸ ਮਾਣਮੱਤੀ ਪ੍ਰਾਪਤੀ ’ਤੇ ਲੁਧਿਆਣਾ ਡਿਸਟ੍ਰਿਕਟ ਬਾਰ ਐਸੋਸੀਏਸ਼ਨ (DBA) ਦੇ ਪ੍ਰਧਾਨ ਵਿਪਿਨ ਸਾਗਰ ਅਤੇ ਹੋਰ ਅਹੁਦੇਦਾਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਪ੍ਰਭਜੋਤ ਸਿੰਘ ਦੀ ਇਸ ਕਾਮਯਾਬੀ ਨੇ ਪੂਰੇ ਲੁਧਿਆਣਾ ਅਤੇ ਕਾਨੂੰਨੀ ਜਗਤ ਦਾ ਨਾਮ ਰੌਸ਼ਨ ਕੀਤਾ ਹੈ, ਜੋ ਹੁਣ ਨਵੇਂ ਕਾਨੂੰਨੀ ਵਿਦਿਆਰਥੀਆਂ ਲਈ ਇੱਕ ਪ੍ਰੇਰਨਾ ਸਰੋਤ ਬਣ ਗਏ ਹਨ।
Leave a Reply