ਮਧਿਆ ਪ੍ਰਦੇਸ਼: 10ਵੀਂ ਦੀ ਪ੍ਰੀਖਿਆ ਦੌਰਾਨ ਵਿਦਿਆਰਥਣ ਨੇ ਸਕੂਲ ਬਾਥਰੂਮ ’ਚ ਜਨਮ ਦਿੱਤਾ
- ਦੇਸ਼
- (Asia/Kolkata)
ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਪੀਥਮਪੁਰ ਵਿੱਚ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 10ਵੀਂ ਜਮਾਤ ਦੀ ਇੱਕ 17 ਸਾਲਾ ਵਿਦਿਆਰਥਣ ਨੇ ਬੋਰਡ ਪ੍ਰੀਖਿਆ ਦੌਰਾਨ ਸਕੂਲ ਦੇ ਬਾਥਰੂਮ ਵਿੱਚ ਬੱਚੇ ਨੂੰ ਜਨਮ ਦਿੱਤਾ। ਇਹ ਘਟਨਾ ਮੰਗਲਵਾਰ ਨੂੰ ਗਣਿਤ ਦੇ ਪੇਪਰ ਦੌਰਾਨ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਪ੍ਰੀਖਿਆ ਸ਼ੁਰੂ ਹੋਣ ਦੇ ਦੋ ਘੰਟੇ ਬਾਅਦ ਵਿਦਿਆਰਥਣ ਨੇ ਪੇਟ ਦਰਦ ਦੀ ਸ਼ਿਕਾਇਤ ਕੀਤੀ ਅਤੇ ਵਾਸ਼ਰੂਮ ਜਾਣ ਦੀ ਇਜਾਜ਼ਤ ਮੰਗੀ। ਜਦੋਂ ਉਹ ਕਾਫੀ ਦੇਰ ਵਾਪਸ ਨਾ ਆਈ ਤਾਂ ਨਿਗਰਾਨ ਸਟਾਫ਼ ਨੇ ਜਾ ਕੇ ਦੇਖਿਆ, ਜਿੱਥੇ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਸਕੂਲ ਦੀਆਂ ਮਹਿਲਾ ਕਰਮਚਾਰੀਆਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਐਂਬੂਲੈਂਸ ਰਾਹੀਂ ਕੁੜੀ ਅਤੇ ਨਵਜੰਮੇ ਬੱਚੇ ਨੂੰ ਹਸਪਤਾਲ ਪਹੁੰਚਾਇਆ। ਪੁਲੀਸ ਦੀ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲੜਕੀ 34 ਹਫ਼ਤਿਆਂ (8 ਮਹੀਨੇ) ਦੀ ਗਰਭਵਤੀ ਸੀ। ਵਿਦਿਆਰਥਣ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੋਸ਼ ਲਾਇਆ ਹੈ ਕਿ ਇੱਕ ਡਾਂਸ ਪ੍ਰੋਗਰਾਮ ਦੌਰਾਨ ਉਸ ਦੀ ਮੁਲਾਕਾਤ ਇੱਕ ਲੜਕੇ ਨਾਲ ਹੋਈ ਸੀ, ਜਿਸ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਲੜਕੀ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ, ਜਿਸ ਕਾਰਨ ਉਸ ਨੇ ਆਪਣੇ ਮਾਪਿਆਂ ਨੂੰ ਕੁਝ ਨਹੀਂ ਦੱਸਿਆ। ਵਧੀਕ ਪੁਲੀਸ ਕਪਤਾਨ (ASP) ਪਾਰੁਲ ਬੇਲਾਪੁਰਕਰ ਨੇ ਦੱਸਿਆ ਕਿ ਇਸ ਸਬੰਧੀ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬੇਟਮਾ ਪੁਲੀਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਕੁੜੀ ਅਤੇ ਬੱਚਾ ਦੋਵੇਂ ਸਥਿਰ ਦੱਸੇ ਜਾ ਰਹੇ ਹਨ।
Leave a Reply