ਸੁਖਨਾ ਝੀਲ ਲਈ ਨਵਾਂ ਡਬਲ-ਡੈਕਰ ਕਰੂਜ਼ ਪਹੁੰਚਿਆ, ਸੈਲਾਨੀਆਂ ਨੂੰ ਮਿਲੇਗਾ ਨਵਾਂ ਤਜਰਬਾ

ਸੁਖਨਾ ਝੀਲ ਲਈ ਨਵਾਂ ਡਬਲ-ਡੈਕਰ ਕਰੂਜ਼ ਪਹੁੰਚਿਆ, ਸੈਲਾਨੀਆਂ ਨੂੰ ਮਿਲੇਗਾ ਨਵਾਂ ਤਜਰਬਾ

ਚੰਡੀਗੜ੍ਹ ਦੀ ਪ੍ਰਸਿੱਧ ਸੁਖਨਾ ਝੀਲ ‘ਤੇ ਆਉਣ ਵਾਲੇ ਸੈਲਾਨੀਆਂ ਲਈ ਜਲਦ ਹੀ ਇੱਕ ਨਵਾਂ ਆਕਰਸ਼ਣ ਉਪਲਬਧ ਹੋਣ ਜਾ ਰਿਹਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਗੋਆ ਸਥਿਤ ਇੱਕ ਕੰਪਨੀ ਤੋਂ ਸੂਰਜੀ ਊਰਜਾ ਨਾਲ ਚੱਲਣ ਵਾਲਾ ਨਵਾਂ ਡਬਲ-ਡੈਕਰ ਕਰੂਜ਼ ਖਰੀਦਿਆ ਹੈ, ਜਿਸ ਨਾਲ ਸੈਲਾਨੀਆਂ ਨੂੰ ਝੀਲ ਦੀ ਸੈਰ ਦਾ ਇੱਕ ਨਵਾਂ ਅਨੁਭਵ ਮਿਲੇਗਾ। ਜਾਣਕਾਰੀ ਅਨੁਸਾਰ, ਇਹ ਡਬਲ-ਡੈਕਰ ਕਰੂਜ਼ ਇੱਕ ਸਮੇਂ ਵਿੱਚ ਲਗਭਗ 150 ਯਾਤਰੀਆਂ ਨੂੰ ਬਿਠਾਉਣ ਦੀ ਸਮਰੱਥਾ ਰੱਖਦਾ ਹੈ। ਹਾਲਾਂਕਿ, ਸੁਰੱਖਿਆ ਅਤੇ ਸੰਚਾਲਨ ਸੰਬੰਧੀ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਕੀਤਾ ਜਾਵੇਗਾ ਕਿ ਇੱਕ ਸਮੇਂ ਵਿੱਚ ਇਸ ‘ਤੇ ਕਿੰਨੇ ਯਾਤਰੀਆਂ ਨੂੰ ਸਵਾਰੀ ਦੀ ਆਗਿਆ ਦਿੱਤੀ ਜਾਵੇਗੀ। ਇਸ ਕਰੂਜ਼ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਦਾ ਵਾਤਾਵਰਣ ਅਨੁਕੂਲ ਹੋਣਾ ਹੈ। ਇਹ ਪੂਰੀ ਤਰ੍ਹਾਂ ਸੂਰਜੀ ਊਰਜਾ ਨਾਲ ਚੱਲਦਾ ਹੈ ਅਤੇ ਇਸ ਨੂੰ ਚਲਾਉਣ ਲਈ ਕਿਸੇ ਵੀ ਤਰ੍ਹਾਂ ਦੇ ਤੇਲ ਜਾਂ ਡੀਜ਼ਲ ਦੀ ਲੋੜ ਨਹੀਂ ਪੈਂਦੀ। ਸੈਲਾਨੀ ਸਵੇਰੇ ਸੂਰਜ ਚੜ੍ਹਨ ਤੋਂ ਬਾਅਦ ਤੋਂ ਲੈ ਕੇ ਸ਼ਾਮ ਨੂੰ ਸੂਰਜ ਡੁੱਬਣ ਤੱਕ ਇਸ ਕਰੂਜ਼ ਦੀ ਸਵਾਰੀ ਦਾ ਆਨੰਦ ਲੈ ਸਕਣਗੇ। ਫਿਲਹਾਲ ਸੁਖਨਾ ਝੀਲ ‘ਤੇ ਇੱਕ ਹੀ ਕਰੂਜ਼ ਸੇਵਾ ਉਪਲਬਧ ਹੈ, ਜਿਸ ਕਾਰਨ ਇਸ ਦੀ ਮੰਗ ਕਾਫੀ ਜ਼ਿਆਦਾ ਰਹਿੰਦੀ ਹੈ। ਵਧਦੀ ਮੰਗ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਇਹ ਦੂਜਾ ਕਰੂਜ਼ ਝੀਲ ਲਈ ਲਿਆਂਦਾ ਗਿਆ ਹੈ, ਜਿਸ ਨਾਲ ਸੈਲਾਨੀਆਂ ਨੂੰ ਵਧੀਆ ਸਹੂਲਤ ਮਿਲਣ ਦੀ ਉਮੀਦ ਹੈ। ਨਵੇਂ ਡਬਲ-ਡੈਕਰ ਕਰੂਜ਼ ਦੇ ਕਿਰਾਏ ਨੂੰ ਹਾਲੇ ਅੰਤਿਮ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ, ਜਾਣਕਾਰੀ ਮੁਤਾਬਕ ਇਸ ਦਾ ਕਿਰਾਇਆ ਆਮ ਲੋਕਾਂ ਦੇ ਬਜਟ ਨੂੰ ਧਿਆਨ ਵਿੱਚ ਰੱਖ ਕੇ ਤੈਅ ਕੀਤਾ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰਤੀ ਵਿਅਕਤੀ ਕਿਰਾਇਆ ਲਗਭਗ 300 ਰੁਪਏ ਹੋ ਸਕਦਾ ਹੈ, ਪਰ ਇਸ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਨਹੀਂ ਕੀਤਾ ਗਿਆ ਕਿ ਇਹ ਨਵਾਂ ਕਰੂਜ਼ ਸੈਲਾਨੀਆਂ ਲਈ ਸੁਖਨਾ ਝੀਲ ਵਿੱਚ ਕਦੋਂ ਤੋਂ ਚਲਾਇਆ ਜਾਵੇਗਾ।