ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਅਫਵਾਹਾਂ ਤੋਂ ਬਾਅਦ ਹੰਗਾਮਾ: ਪੁਲਿਸ ਵੱਲੋਂ FIR ਦਰਜ, SIT ਗਠਿਤ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਅਫਵਾਹਾਂ ਤੋਂ ਬਾਅਦ ਹੰਗਾਮਾ: ਪੁਲਿਸ ਵੱਲੋਂ FIR ਦਰਜ, SIT ਗਠਿਤ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਜਿਨਸੀ ਸ਼ੋਸ਼ਣ ਦੀਆਂ ਅਫਵਾਹਾਂ ਤੋਂ ਬਾਅਦ ਸ਼ੁਰੂ ਹੋਏ ਹਿੰਸਕ ਪ੍ਰਦਰਸ਼ਨਾਂ ਅਤੇ ਤਣਾਅਪੂਰਨ ਸਥਿਤੀ ਤੋਂ ਬਾਅਦ ਹੁਣ ਜਲੰਧਰ-ਫਗਵਾੜਾ ਹਾਈਵੇਅ 'ਤੇ ਆਵਾਜਾਈ ਪੂਰੀ ਤਰ੍ਹਾਂ ਬਹਾਲ ਕਰ ਦਿੱਤੀ ਗਈ ਹੈ। ਪ੍ਰਦਰਸ਼ਨਕਾਰੀਆਂ ਦੇ ਸ਼ਾਂਤ ਹੋਣ ਤੋਂ ਬਾਅਦ ਆਵਾਜਾਈ ਸੁਚਾਰੂ ਰੂਪ ਨਾਲ ਚੱਲ ਪਈ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਸੋਮਵਾਰ (28 ਸਤੰਬਰ 2026) ਤੋਂ ਅਗਲੇ 10 ਦਿਨਾਂ ਲਈ ਨਿਯਮਤ ਕਲਾਸਾਂ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਹੋਸਟਲ 'ਚ ਹੰਗਾਮੇ ਤੋਂ ਬਾਅਦ ਵਿਗੜੇ ਹਾਲਾਤ ਜੀਐਚ3 (GH3) ਹੋਸਟਲ ਵਿੱਚ ਇੱਕ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਚਲਦਿਆਂ ਸ਼ਨੀਵਾਰ ਦੇਰ ਰਾਤ ਕੈਂਪਸ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ ਸਨ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਕੈਂਪਸ ਨੂੰ ਘੇਰ ਕੇ ਜਾਇਦਾਦ ਦੀ ਭੰਨਤੋੜ ਕੀਤੀ, ਬੈਰੀਕੇਡ ਅਤੇ ਕੁਰਸੀਆਂ ਸੁੱਟੀਆਂ। ਐਤਵਾਰ ਰਾਤ ਨੂੰ ਸਥਿਤੀ ਉਦੋਂ ਹੋਰ ਵਿਗੜ ਗਈ ਜਦੋਂ ਕੈਂਪਸ ਵਿੱਚ ਫਿਰ ਤੋਂ ਅੱਗਜ਼ਨੀ ਹੋਈ ਅਤੇ ਪੁਲਿਸ ਦੀ ਇੱਕ ਗੱਡੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਹਾਈਵੇਅ ਖਾਲੀ ਕਰਨ ਤੋਂ ਇਨਕਾਰ ਕਰਨ 'ਤੇ ਪੁਲਿਸ ਨੇ ਲਾਠੀਚਾਰਜ ਕੀਤਾ, ਜਦਕਿ ਪੁਲਿਸ ਨੇ ਲਾਠੀਚਾਰਜ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਪੁਲਿਸ 'ਤੇ ਪੱਥਰਬਾਜ਼ੀ ਕੀਤੀ ਗਈ ਸੀ। ਪ੍ਰਦਰਸ਼ਨ ਦੌਰਾਨ ਕੈਂਪਸ ਵਿੱਚ ਰੱਖੇ ਇੱਕ ਮਿਗ-23 ਲੜਾਕੂ ਜਹਾਜ਼ ਅਤੇ ਫੌਜੀ ਟੈਂਕ 'ਤੇ ਵੀ ਵਿਦਿਆਰਥੀ ਚੜ੍ਹ ਗਏ ਸਨ। ਪੁਲਿਸ ਦੀ ਕਾਰਵਾਈ ਅਤੇ SIT ਦਾ ਗਠਨ ਕਪੂਰਥਲਾ ਪੁਲਿਸ ਨੇ ਐਤਵਾਰ ਨੂੰ ਹੋਸਟਲ ਵਿਦਿਆਰਥੀਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਸਤਨਾਮਪੁਰਾ ਪੁਲਿਸ ਸਟੇਸ਼ਨ ਵਿਖੇ BNS ਦੀ ਧਾਰਾ 64 (ਬਲਾਤਕਾਰ) ਤਹਿਤ ਅਣਪਛਾਤੇ ਵਿਅਕਤੀ ਵਿਰੁੱਧ FIR ਦਰਜ ਕਰ ਲਈ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ SP (ਜਾਂਚ) ਵਿਨੀਤ ਅਹਲਾਵਤ, SP ਫਗਵਾੜਾ ਮੇਜਰ ਸਿੰਘ, CIA ਇੰਚਾਰਜ ਬਲਵਿੰਦਰ ਸਿੰਘ ਅਤੇ ਇੰਸਪੈਕਟਰ ਅਮਨਪ੍ਰੀਤ ਕੌਰ ਸ਼ਾਮਲ ਹਨ। ਇਸ ਤੋਂ ਇਲਾਵਾ LPU ਦੇ 4 ਵਿਦਿਆਰਥੀ ਆਗੂਆਂ (ਦੋ ਮਹਿਲਾ ਅਤੇ ਦੋ ਪੁਰਸ਼) ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ। ਜਲੰਧਰ ਰੇਂਜ ਦੇ DIG ਨਵੀਨ ਸਿੰਗਲਾ ਨੇ ਦੱਸਿਆ ਕਿ ਕਮਰਾ ਨੰਬਰ 504, ਜਿੱਥੇ ਘਟਨਾ ਵਾਪਰਨ ਦਾ ਦੋਸ਼ ਲਾਇਆ ਜਾ ਰਿਹਾ ਸੀ, ਵਿੱਚ ਰਹਿ ਰਹੀਆਂ ਵਿਦਿਆਰਥਣਾਂ ਨੇ ਬਿਆਨ ਦਿੱਤਾ ਹੈ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਉੱਥੇ ਰਹਿ ਰਹੀਆਂ ਹਨ ਅਤੇ ਅਜਿਹੀ ਕੋਈ ਘਟਨਾ ਨਹੀਂ ਵਾਪਰੀ। ਪੁਲਿਸ ਵੱਲੋਂ CCTVs ਦੀ ਜਾਂਚ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੁਲਿਸ ਦਾ ਸਪੱਸ਼ਟੀਕਰਨ ਯੂਨੀਵਰਸਿਟੀ ਦੀ ਰਜਿਸਟਰਾਰ ਮੋਨਿਕਾ ਗੁਲਾਟੀ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਅਫਵਾਹਾਂ 'ਤੇ ਅਧਾਰਤ ਦੱਸਦਿਆਂ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁੱਝ ਸਮਾਜ ਵਿਰੋਧੀ ਤੱਤ ਸੋਸ਼ਲ ਮੀਡੀਆ ਰਾਹੀਂ ਝੂਠੀਆਂ ਅਫਵਾਹਾਂ ਫੈਲਾ ਕੇ ਯੂਨੀਵਰਸਿਟੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਸ਼ਾਸਨ ਨੇ ਕਮਰਾ ਨੰਬਰ 504 ਦੀਆਂ ਵਿਦਿਆਰਥਣਾਂ ਦੀ ਇੱਕ ਵੀਡੀਓ ਵੀ ਜਾਰੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਅਫਵਾਹਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ADGP ਫਿਆਜ਼ ਫਾਰੂਕੀ ਨੇ ਦੱਸਿਆ ਕਿ ਕੈਂਪਸ ਵਿੱਚ ਅਮਨ-ਕਾਨੂੰਨ ਅਤੇ ਸੁਰੱਖਿਆ ਬਣਾਏ ਰੱਖਣ ਲਈ 2,000 ਤੋਂ ਵੱਧ ਪੁਲਿਸ ਜਵਾਨ ਤਾਇਨਾਤ ਕੀਤੇ ਗਏ ਹਨ। ਜਲੰਧਰ ਦੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਅਤੇ ਕਪੂਰਥਲਾ ਦੇ SSP ਗੌਰਵ ਤੂਰਾ ਨੇ ਕਿਹਾ ਕਿ ਸਾਰੇ ਹੋਸਟਲਾਂ ਦੀ ਜਾਂਚ ਕਰ ਲਈ ਗਈ ਹੈ ਅਤੇ ਸਥਿਤੀ ਹੁਣ ਕੰਟਰੋਲ ਹੇਠ ਹੈ। ਸ਼ਰਾਰਤੀ ਤੱਤਾਂ ਵਿਰੁੱਧ ਵੱਖਰੀ ਐਫਆਈਆਰ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।