ਕੈਨੇਡਾ ਦੇ ਐਡਮਿੰਟਨ ਵਿੱਚ ਪੰਜਾਬਣ ਨੌਜਵਾਨ ਕੁੜੀ ਦੀ ਹੱਤਿਆ, ਲਿਵ-ਇਨ ਸਾਥੀ ਗ੍ਰਿਫ਼ਤਾਰ
- ਵਿਦੇਸ਼
- (Asia/Kolkata)
ਕੈਨੇਡਾ ਦੇ ਐਡਮਿੰਟਨ ਸ਼ਹਿਰ ਤੋਂ ਪੰਜਾਬੀ ਭਾਈਚਾਰੇ ਲਈ ਦੁਖਦਾਈ ਖ਼ਬਰ ਸਾਹਮਣੇ ਆਈ ਹੈ। 23 ਸਾਲਾ ਪੰਜਾਬਣ ਦਮਨਪ੍ਰੀਤ ਕੌਰ ਦੀ ਕਥਿਤ ਤੌਰ 'ਤੇ ਉਸ ਦੇ ਲਿਵ-ਇਨ ਸਾਥੀ ਵੱਲੋਂ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਦਮਨਪ੍ਰੀਤ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਦੀ ਰਹਿਣ ਵਾਲੀ ਸੀ ਅਤੇ ਐਡਮਿੰਟਨ ਵਿੱਚ ਰਹਿ ਰਹੀ ਸੀ। ਜਾਣਕਾਰੀ ਅਨੁਸਾਰ, ਦਮਨਪ੍ਰੀਤ ਕਰੀਬ ਪੰਜ ਸਾਲ ਪਹਿਲਾਂ ਕਰਜ਼ਾ ਲੈ ਕੇ ਸਟੱਡੀ ਵੀਜ਼ੇ 'ਤੇ ਕੈਨੇਡਾ ਗਈ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਐਡਮਿੰਟਨ ਵਿੱਚ ਨੌਕਰੀ ਕਰ ਰਹੀ ਸੀ। ਪੜ੍ਹਾਈ ਦੌਰਾਨ ਉਸ ਦੀ ਜਾਣ-ਪਛਾਣ ਦਿੱਲੀ ਦੇ ਰਹਿਣ ਵਾਲੇ ਰਿਤੇਸ਼ (22) ਨਾਲ ਹੋਈ। ਦੋਵਾਂ ਵਿਚਾਲੇ ਦੋਸਤੀ ਬਾਅਦ ਵਿੱਚ ਪਿਆਰ ਵਿੱਚ ਬਦਲ ਗਈ ਅਤੇ ਉਹ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਸਨ। 9 ਜੁਲਾਈ ਨੂੰ ਐਡਮਿੰਟਨ ਪੁਲਿਸ ਨੂੰ ਇੱਕ ਘਰ ਤੋਂ ਐਮਰਜੈਂਸੀ ਕਾਲ ਮਿਲੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ, ਜਿੱਥੇ ਦਮਨਪ੍ਰੀਤ ਬੇਹੋਸ਼ ਹਾਲਤ ਵਿੱਚ ਮਿਲੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ 12 ਜੁਲਾਈ ਨੂੰ ਆਖਰੀ ਸਾਹ ਲਿਆ। 14 ਜੁਲਾਈ ਨੂੰ ਹੋਏ ਪੋਸਟਮਾਰਟਮ ਦੌਰਾਨ ਮੈਡੀਕਲ ਜਾਂਚਕਰਤਾ ਨੇ ਪੁਸ਼ਟੀ ਕੀਤੀ ਕਿ ਦਮਨਪ੍ਰੀਤ ਦੀ ਮੌਤ ਕੁਦਰਤੀ ਨਹੀਂ ਸੀ, ਸਗੋਂ ਗਲਾ ਘੁੱਟਣ ਕਾਰਨ ਹੋਈ ਸੀ। ਇਸ ਤੋਂ ਬਾਅਦ ਕੈਨੇਡੀਅਨ ਪੁਲਿਸ ਨੇ ਜਾਂਚ ਕਰਕੇ ਉਸ ਦੇ ਲਿਵ-ਇਨ ਸਾਥੀ ਰਿਤੇਸ਼ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਦਿੱਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਕੈਨੇਡੀਅਨ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਦਮਨਪ੍ਰੀਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਅਤੇ ਅੰਤਿਮ ਸੰਸਕਾਰ ਨਾਲ ਜੁੜੇ ਖ਼ਰਚਿਆਂ ਲਈ GoFundMe ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਪੰਜਾਬੀ ਭਾਈਚਾਰੇ ਵਿੱਚ ਗਹਿਰਾ ਸੋਗ ਪਾਇਆ ਜਾ ਰਿਹਾ ਹੈ।
Leave a Reply