ਪੰਜਾਬ ਬੰਦ ਦੌਰਾਨ ਭਿੰਡਰਾਂਵਾਲਾ ਫੈਡਰੇਸ਼ਨ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਤੇ ਭੁਪਿੰਦਰ ਸਿੰਘ ਸਮੇਤ 7 ਗ੍ਰਿਫਤਾਰ

ਪੰਜਾਬ ਬੰਦ ਦੌਰਾਨ ਭਿੰਡਰਾਂਵਾਲਾ ਫੈਡਰੇਸ਼ਨ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਤੇ ਭੁਪਿੰਦਰ ਸਿੰਘ ਸਮੇਤ 7 ਗ੍ਰਿਫਤਾਰ

ਬੰਦੀ ਸਿੰਘਾਂ ਦੀ ਰਿਹਾਈ ਲਈ ਜਲੰਧਰ-ਦਿੱਲੀ ਹਾਈਵੇਅ ਰੋਡ ਕੀਤਾ ਸੀ ਜਾਮ ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਿੱਤੇ ਪੰਜਾਬ ਬੰਦ ਦੇ ਸੱਦੇ ਦੌਰਾਨ ਅੰਮ੍ਰਿਤਸਰ ਦੇ ਗੋਲਡਨ ਗੇਟ 'ਤੇ ਜਲੰਧਰ-ਦਿੱਲੀ ਹਾਈਵੇਅ ਰੋਡ ਨੂੰ ਜਾਮ ਕਰਨ ਵਾਲੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਸਮੇਤ 7 ਫੈਡਰੇਸ਼ਨ ਆਗੂਆਂ ਨੂੰ ਪੁਲਿਸ ਨੇ ਜਬਰਦਸਤੀ ਹਿਰਾਸਤ ਵਿੱਚ ਲੈ ਲਿਆ। ਇਸ ਦੌਰਾਨ ਫੈਡਰੇਸ਼ਨ ਆਗੂਆਂ ਦੀ ਪੁਲਿਸ ਨਾਲ ਗਹਿਮੋ-ਗਹਿਮੀ, ਧੱਕਾ-ਮੁੱਕੀ ਅਤੇ ਤਕਰਾਰ ਵੀ ਹੋਈ। ਦੋਵੇਂ ਪਾਸਿਓਂ ਬੰਦ ਕੀਤੀ ਆਵਾਜਾਈ ਨੂੰ ਖੁੱਲ੍ਹਵਾਉਣ ਲਈ ਪੁਲਿਸ ਨੇ ਪਹਿਲਾਂ ਗੱਲਬਾਤ ਕੀਤੀ ਪਰ ਫੈਡਰੇਸ਼ਨ ਪ੍ਰਧਾਨ ਰਣਜੀਤ ਸਿੰਘ ਅੜੇ ਰਹੇ ਤੇ ਦਸ ਮਿੰਟ ਹੋਈ ਬਹਿਸ ਤੋਂ ਬਾਅਦ ਉੱਚ ਪੁਲਿਸ ਅਫਸਰਾਂ ਦੇ ਹੁਕਮਾਂ 'ਤੇ ਏ.ਡੀ.ਸੀ.ਪੀ. ਹਰਪਾਲ ਸਿੰਘ ਦੀ ਅਗਵਾਈ ਵਿੱਚ ਤਾਇਨਾਤ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਨੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਜਨਰਲ ਸਕੱਤਰ ਗਗਨਦੀਪ ਸਿੰਘ ਸੁਲਤਾਨਵਿੰਡ, ਜਥੇਬੰਦਕ ਸਕੱਤਰ ਮਨਪ੍ਰੀਤ ਸਿੰਘ ਮੰਨਾ, ਖਜਾਨਚੀ ਹਰਪ੍ਰੀਤ ਸਿੰਘ ਬੰਟੀ, ਦਿਹਾਤੀ ਪ੍ਰਧਾਨ ਸੁਖਵਿੰਦਰ ਸਿੰਘ ਨਿਜ਼ਾਮਪੁਰ, ਗੁਰਜੀਤ ਕੌਰ, ਅਵਨੀਤ ਕੌਰ ਤੇ ਮਨਪ੍ਰੀਤ ਸਿੰਘ ਜੌੜਾ ਨੂੰ ਹਿਰਾਸਤ ਵਿੱਚ ਲੈਂਦਿਆਂ ਬੱਸ ਵਿੱਚ ਬਿਠਾ ਲਿਆ। ਇਸ ਦੌਰਾਨ ਫੈਡਰੇਸ਼ਨ ਆਗੂਆਂ ਨੇ ਬੰਦੀ ਸਿੰਘ ਰਿਹਾਅ ਕਰੋ, ਜਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ, ਖ਼ਾਲਿਸਤਾਨ ਜ਼ਿੰਦਾਬਾਦ ਅਤੇ ਕੇਂਦਰ ਦੀ ਭਾਜਪਾ ਸਰਕਾਰ ਮੁਰਦਾਬਾਦ ਦੇ ਨਾਹਰੇ ਲਗਾਏ।

 ਇਹਨਾਂ ਆਗੂਆਂ ਨੂੰ ਬੱਸ ਵਿੱਚ ਧੱਕਣ ਲਈ ਪੁਲਿਸ ਪਾਰਟੀ ਨੂੰ ਪੂਰਾ ਜ਼ੋਰ ਲਾਉਣਾ ਪਿਆ। ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅਸੀਂ ਮੋਰਚੇ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦੌਰਾਨ ਅੰਮ੍ਰਿਤਸਰ ਸ਼ਹਿਰ ਦੀਆਂ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਕਰਵਾਈਆਂ ਹਨ ਅਤੇ ਮੁੱਖ ਆਵਾਜਾਈ ਨੂੰ ਰੋਕਿਆ ਹੈ ਤੇ ਪੁਲਿਸ ਪ੍ਰਸ਼ਾਸਨ ਬੇਵਜ੍ਹਾ ਸਾਡੇ ਨਾਲ ਧੱਕੇਸ਼ਾਹੀ ਕਰਕੇ ਰਸਤੇ ਖੁੱਲ੍ਹਵਾਉਣਾ ਚਾਹੁੰਦਾ ਹੈ ਪਰ ਅਸੀਂ ਦੋ ਵਜੇ ਤਕ ਪੂਰਾ ਸ਼ਹਿਰ ਬੰਦ ਰੱਖਾਂਗੇ। ਰਣਜੀਤ ਸਿੰਘ ਨੇ ਕਿਹਾ ਕਿ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਈ ਮਿਲਣੀ ਚਾਹੀਦੀ ਹੈ, ਮਾਤਾ ਜੀ ਦੇ ਬਿਮਾਰ ਹੋਣ ਦੇ ਬਾਵਜੂਦ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਦਸ ਦਿਨਾਂ ਦੀ ਪੈਰੋਲ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਕੇਂਦਰ ਸਰਕਾਰ ਪ੍ਰਤੀ ਪੰਥ ਅਤੇ ਪੰਜਾਬ ਵਾਸੀਆਂ ਵਿੱਚ ਰੋਹ ਤੇ ਰੋਸ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ ਬੰਦ ਰੱਖ ਕੇ ਸਮੁੱਚੇ ਪੰਜਾਬ ਵਾਸੀਆਂ ਨੇ ਬੰਦੀ ਸਿੰਘਾਂ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅੱਜ ਲੋੜ ਹੈ ਕਿ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਸੰਘਰਸ਼ ਨੂੰ ਭਖਾ ਕੇ ਸਰਕਾਰਾਂ ਅਤੇ ਏਜੰਸੀਆਂ ਦੇ ਪੈਰਾਂ ਥੱਲੇ ਅੱਗ ਮਚਾਈ ਜਾਵੇ ਤੇ ਕੌਮੀ ਬਲਬੂਤੇ ਨਾਲ ਸਰਕਾਰਾਂ ਨੂੰ ਮਜਬੂਰ ਕਰਕੇ ਬੰਦੀ ਸਿੰਘ ਰਿਹਾਅ ਕਰਵਾਏ ਜਾਣ। ਜ਼ਿਕਰਯੋਗ ਹੈ ਕਿ ਸਾਢੇ ਕੁ ਤਿੰਨ ਵਜੇ ਸਮੂਹ ਫੈਡਰੇਸ਼ਨ ਆਗੂਆਂ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਆਗੂਆਂ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਭਾਈ ਹਰਮਨਦੀਪ ਸਿੰਘ, ਰਵੀਸ਼ੇਰ ਸਿੰਘ, ਸ਼ਮਸ਼ੇਰ ਸਿੰਘ ਬਰਾੜ, ਗਤਕਾ ਉਸਤਾਦ ਜਥੇਦਾਰ ਹਰੀ ਸਿੰਘ, ਗੁਰਦੀਪ ਸਿੰਘ ਬੌਬੀ, ਮਨਿੰਦਰ ਸਿੰਘ ਆਦਿ ਹਾਜ਼ਰ ਸਨ।