ਦਿੱਲੀ ਯੂਨੀਵਰਸਿਟੀ ਚੋਣਾਂ 'ਚ ABVP ਦਾ ਦਬਦਬਾ, ਕੇਂਦਰੀ ਪੈਨਲ ਦੀਆਂ 4 'ਚੋਂ 3 ਸੀਟਾਂ 'ਤੇ ਜਿੱਤ ਕੀਤੀ ਦਰਜ
- ਦੇਸ਼
- (Asia/Kolkata)
ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਡੀ ਯੂ ਐੱਸ ਯੂ) ਚੋਣਾਂ ਦੇ ਅਧਿਕਾਰਤ ਨਤੀਜੇ ਐਲਾਨ ਦਿੱਤੇ ਗਏ ਹਨ। ਇਨ੍ਹਾਂ ਚੋਣਾਂ ਵਿੱਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏ ਬੀ ਵੀ ਪੀ) ਨੇ ਆਪਣਾ ਦਬਦਬਾ ਬਰਕਰਾਰ ਰੱਖਦਿਆਂ ਕੇਂਦਰੀ ਪੈਨਲ ਦੀਆਂ ਚਾਰ ਵਿੱਚੋਂ ਤਿੰਨ ਪ੍ਰਮੁੱਖ ਸੀਟਾਂ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਐਲਾਨੇ ਗਏ ਚੋਣ ਨਤੀਜਿਆਂ ਮੁਤਾਬਕ ਏ ਬੀ ਵੀ ਪੀ ਦੇ ਉਮੀਦਵਾਰ ਯਸ਼ ਡਬਾਸ ਨੇ 24,576 ਵੋਟਾਂ ਹਾਸਲ ਕਰਕੇ ਪ੍ਰਧਾਨਗੀ ਦੇ ਅਹੁਦੇ 'ਤੇ ਜਿੱਤ ਦਰਜ ਕੀਤੀ। ਸਕੱਤਰ ਦੇ ਅਹੁਦੇ 'ਤੇ ਏ ਬੀ ਵੀ ਪੀ ਦੀ ਰੀਆ ਛਾਬੜੀ ਨੇ 21,650 ਵੋਟਾਂ ਲੈ ਕੇ ਅਤੇ ਸੰਯੁਕਤ ਸਕੱਤਰ ਵਜੋਂ ਪਾਰਟੀ ਦੇ ਹੀ ਲਕਸ਼ਯ ਰਾਜ ਸਿੰਘ ਨੇ 16,615 ਵੋਟਾਂ ਪ੍ਰਾਪਤ ਕਰਕੇ ਬਾਜ਼ੀ ਮਾਰੀ। ਦੂਜੇ ਪਾਸੇ, ਮੀਤ ਪ੍ਰਧਾਨਗੀ ਦੇ ਅਹੁਦੇ ਉੱਤੇ ਆਜ਼ਾਦ ਉਮੀਦਵਾਰ ਦੀਪਾਂਸ਼ੂ ਸ਼ੋਕੀਨ ਨੇ 30,615 ਵੋਟਾਂ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਡੀ ਯੂ ਐੱਸ ਯੂ ਦੇ 17 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕੋਈ ਆਜ਼ਾਦ ਉਮੀਦਵਾਰ ਕੇਂਦਰੀ ਪੈਨਲ ਵਿੱਚ ਜਿੱਤ ਕੇ ਆਇਆ ਹੈ। ਚੋਣ ਨਤੀਜੇ ਸਾਹਮਣੇ ਆਉਂਦਿਆਂ ਹੀ ਦਿੱਲੀ ਯੂਨੀਵਰਸਿਟੀ ਕੈਂਪਸ ਵਿੱਚ ਜਸ਼ਨ ਦਾ ਮਾਹੌਲ ਬਣ ਗਿਆ। ਜੇਤੂ ਉਮੀਦਵਾਰਾਂ ਦੇ ਸਮਰਥਕਾਂ ਨੇ ਢੋਲ ਦੀ ਤਾਲ 'ਤੇ ਨੱਚ ਕੇ ਅਤੇ ਉਤਸ਼ਾਹਪੂਰਵਕ ਨਾਅਰੇਬਾਜ਼ੀ ਕਰਕੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਦੱਸਣਯੋਗ ਹੈ ਕਿ ਸ਼ਨੀਵਾਰ ਸਵੇਰੇ 90 ਮਿੰਟ ਦੀ ਦੇਰੀ ਨਾਲ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਸੀ। ਪ੍ਰਧਾਨਗੀ ਅਹੁਦੇ ਲਈ ਏ ਬੀ ਵੀ ਪੀ ਅਤੇ ਐੱਨ ਐੱਸ ਯੂ ਆਈ (NSUI) ਦੇ ਉਮੀਦਵਾਰਾਂ ਵਿਚਕਾਰ ਸ਼ੁਰੂਆਤੀ ਗੇੜਾਂ ਵਿੱਚ ਕਾਫ਼ੀ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ। ਇਸ ਵਾਰ ਕਾਂਗਰਸ ਆਗੂ ਕਨ੍ਹਈਆ ਕੁਮਾਰ ਨੇ ਐੱਨ ਐੱਸ ਯੂ ਆਈ ਦੀ ਚੋਣ ਮੁਹਿੰਮ ਵਿੱਚ ਕਾਫ਼ੀ ਜੋਰ ਲਗਾਇਆ ਸੀ, ਪਰ ਉਹ ਆਪਣੀ ਵਿਦਿਆਰਥੀ ਇਕਾਈ ਨੂੰ ਜਿੱਤ ਦਿਵਾਉਣ ਵਿੱਚ ਨਾਕਾਮ ਰਹੇ। ਇਸ ਤੋਂ ਇਲਾਵਾ ਖੱਬੇਪੱਖੀ ਗੱਠਜੋੜ ਅਤੇ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਨੇ ਵੀ ਜ਼ੋਰ-ਅਜ਼ਮਾਈ ਕੀਤੀ, ਪਰ ਕੋਈ ਵੱਡੀ ਸਫ਼ਲਤਾ ਹਾਸਲ ਨਹੀਂ ਕਰ ਸਕੇ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਡੀ ਯੂ ਐੱਸ ਯੂ ਚੋਣਾਂ ਲਈ 52 ਕਾਲਜਾਂ ਵਿੱਚ ਵੋਟਾਂ ਪਈਆਂ ਸਨ। ਕੁੱਲ 1,51,519 ਰਜਿਸਟਰਡ ਵਿਦਿਆਰਥੀਆਂ ਵਿੱਚੋਂ 61,312 ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜਿਸ ਨਾਲ ਕੁੱਲ ਵੋਟਿੰਗ ਪ੍ਰਤੀਸ਼ਤ 40.46 ਰਹੀ।
Leave a Reply