ਗੁਆਂਢੀਆਂ ਵਿਚਾਲੇ ਝਗੜਾ ਪਿਆ ਭਾਰੀ, ਇੱਕ ਦੀ ਮੌਤ
- ਮੋਗਾ
- (Asia/Kolkata)
ਮੋਗਾ (Moga) ਦੇ ਧਰਮਕੋਟ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਕੈਲਾਂ ਵਿੱਚ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਨੂੰ ਆਪਣੀ ਪਤਨੀ ਦੇ ਗੁਆਂਢੀ ਨਾਲ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਸੀ, ਜਿਸ ਕਾਰਨ ਦੋਵਾਂ ਵਿੱਚ ਰੰਜਿਸ਼ ਚੱਲ ਰਹੀ ਸੀ। ਕਤਲ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਰਿਪੋਰਟਾਂ ਅਨੁਸਾਰ, ਇਹ ਘਟਨਾ ਸ਼ਾਮ 7 ਵਜੇ ਦੇ ਕਰੀਬ ਵਾਪਰੀ। ਪਿੰਡ ਕੈਲਾਂ ਦੇ ਰਹਿਣ ਵਾਲੇ ਇੰਦਰਜੀਤ ਸਿੰਘ ਉਰਫ਼ ਸੋਨੀ ਨੇ ਆਪਣੇ ਗੁਆਂਢੀ ਭਰਪੂਰ ਸਿੰਘ ਦੇ ਸਿਰ ਵਿੱਚ ਆਪਣੀ 32 ਬੋਰ ਦੀ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਦਿੱਤੀ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਡੀਐਸਪੀ ਧਰਮਕੋਟ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਭਰਪੂਰ ਸਿੰਘ ਨੂੰ ਆਪਣੀ ਪਤਨੀ ਦੇ ਇੰਦਰਜੀਤ ਸਿੰਘ ਉਰਫ਼ ਸੋਨੀ ਨਾਲ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਸੀ। ਇਸ ਸ਼ੱਕ ਕਾਰਨ ਭਰਪੂਰ ਸਿੰਘ ਨੇ ਸੋਨੀ ਨੂੰ ਆਪਣੇ ਘਰ ਵਿੱਚ ਵੜਨ ਤੋਂ ਰੋਕਿਆ ਸੀ। ਡੀ.ਐੱਸ.ਪੀ. ਨੇ ਅੱਗੇ ਦੱਸਿਆ ਕਿ ਮੰਗਲਵਾਰ ਸ਼ਾਮ ਕਰੀਬ 7 ਵਜੇ ਮੁਲਜ਼ਮ ਇੰਦਰਜੀਤ ਸਿੰਘ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਆਇਆ ਅਤੇ ਉਸ ਨੇ ਭਰਪੂਰ ਸਿੰਘ ‘ਤੇ ਹਮਲਾ ਕਰ ਦਿੱਤਾ। ਮੁਲਜ਼ਮ ਨੇ ਆਪਣੀ ਲਾਇਸੰਸੀ ਰਿਵਾਲਵਰ ਕੱਢੀ ਅਤੇ ਭਰਪੂਰ ਸਿੰਘ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ, ਪੁਲਿਸ (Moga) ਦੀ ਇੱਕ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਦੋਸ਼ੀ ਇੰਦਰਜੀਤ ਸਿੰਘ ਉਰਫ ਸੋਨੀ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਘਟਨਾ ਤੋਂ ਬਾਅਦ ਤੋਂ ਹੀ ਫਰਾਰ ਹੈ ਅਤੇ ਪੁਲਿਸ ਉਸਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ।
Leave a Reply