ਖੜਗੇ ਦੇ ਮੰਚ ਦਾ ‘ਸ਼ੁੱਧੀਕਰਨ’ ਦਲਿਤ ਸਮਾਜ ਦਾ ਅਪਮਾਨ, ਐਸ.ਸੀ. ਐਕਟ ਤਹਿਤ ਹੋਵੇ ਮਾਮਲਾ ਦਰਜ : ਬਲਦੇਵ ਸਿੰਘ ਕਲਿਆਣ
- ਪੰਜਾਬ
- (Asia/Kolkata)
ਭਾਜਪਾ-ਆਰ.ਐਸ.ਐਸ. ਨੇ ਦਲਿਤ ਵਿਰੋਧੀ ਸੋਚ ਨੂੰ ਕੀਤਾ ਬੇਨਕਾਬ : ਕੁਲਵੰਤ ਰਾਏ ਸਿੰਗਲਾ ਬੁਢਲਾਡਾ, (ਜੁਗਰਾਜ ਸਿੰਘ ਚਹਿਲ)- ਆਲ ਇੰਡੀਆ ਕਾਂਗਰਸ ਕਮੇਟੀ ਐਸ.ਸੀ. ਵਿੰਗ ਦੇ ਕੌਮੀ ਨੇਤਾ ਅਤੇ ਸਾਬਕਾ ਵਿਧਾਇਕ ਬਲਦੇਵ ਸਿੰਘ ਕਲਿਆਣ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਉੱਤਰਾਖੰਡ ਦੇ ਹਲਦਵਾਨੀ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰੈਲੀ ਤੋਂ ਬਾਅਦ ਕਥਿਤ ਤੌਰ ’ਤੇ ਕੀਤੇ ਗਏ ‘ਸ਼ੁੱਧੀਕਰਨ ਹਵਨ’ ਨੂੰ ਲੈ ਕੇ ਭਾਜਪਾ ਅਤੇ ਆਰ.ਐਸ.ਐਸ. ’ਤੇ ਤਿੱਖੇ ਸਿਆਸੀ ਹਮਲੇ ਕੀਤੇ ਹਨ। ਅੱਜ ਬੁਢਲਾਡਾ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੀ ਜਾਤੀ ਨੂੰ ਆਧਾਰ ਬਣਾ ਕੇ ਕਿਸੇ ਮੰਚ ਨੂੰ ‘ਅਸ਼ੁੱਧ’ ਦੱਸਿਆ ਜਾਂਦਾ ਹੈ ਤਾਂ ਇਹ ਸਿਰਫ਼ ਇੱਕ ਵਿਅਕਤੀ ਦਾ ਨਹੀਂ, ਸਗੋਂ ਪੂਰੇ ਐਸ.ਸੀ. ਸਮਾਜ ਦਾ ਅਪਮਾਨ ਹੈ।ਬਲਦੇਵ ਸਿੰਘ ਕਲਿਆਣ ਨੇ ਕਿਹਾ ਕਿ 8 ਅਗਸਤ 2026 ਨੂੰ ਹਲਦਵਾਨੀ ਵਿੱਚ ਮਲਿਕਾਰਜੁਨ ਖੜਗੇ ਵੱਲੋਂ ‘ਵਿਜੈ ਸ਼ੰਖਨਾਦ ਰੈਲੀ’ ਕੀਤੀ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ 10 ਅਗਸਤ ਨੂੰ ਰਾਮ ਸੈਨਾ ਧਰਮਸਾਨ ਨਾਲ ਸਬੰਧਤ ਲੋਕਾਂ ਵੱਲੋਂ ਉਸੇ ਮੰਚ ’ਤੇ ਜਾ ਕੇ ‘ਸ਼ੁੱਧੀਕਰਨ ਹਵਨ’ ਕੀਤਾ ਗਿਆ ਅਤੇ ਇਸ ਕਾਰਵਾਈ ਨੂੰ ਖੜਗੇ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣ ਨਾਲ ਜੋੜਿਆ ਗਿਆ। ਕਲਿਆਣ ਨੇ ਕਿਹਾ ਕਿ ਅਜਿਹੀ ਸੋਚ ਭਾਰਤ ਦੇ ਸੰਵਿਧਾਨ ਦੀ ਆਤਮਾ ਦੇ ਬਿਲਕੁਲ ਉਲਟ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਸੰਵਿਧਾਨ ਹਰ ਨਾਗਰਿਕ ਨੂੰ ਬਰਾਬਰੀ ਦਾ ਅਧਿਕਾਰ ਦਿੰਦਾ ਹੈ ਅਤੇ ਕਿਸੇ ਦੀ ਜਾਤੀ ਦੇ ਆਧਾਰ ’ਤੇ ਉਸ ਨੂੰ ਅਪਵਿੱਤਰ ਜਾਂ ਨੀਵਾਂ ਸਮਝਣ ਦੀ ਮਾਨਸਿਕਤਾ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਕਰਵਾ ਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਐਸ.ਸੀ. ਐਕਟ ਸਮੇਤ ਬਣਦੀਆਂ ਕਾਨੂੰਨੀ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇ। ਕਲਿਆਣ ਨੇ ਕਿਹਾ ਕਿ 29 ਅਗਸਤ ਨੂੰ ਰਾਹੁਲ ਗਾਂਧੀ ਨੇ ਇਸ ਘਟਨਾ ਨੂੰ ਛੂਆਛੂਤ ਅਤੇ ਐਸ.ਸੀ. ਸਮਾਜ ਦੇ ਅਪਮਾਨ ਨਾਲ ਜੋੜਦਿਆਂ ਸਖ਼ਤ ਰੁਖ ਅਪਣਾਇਆ ਸੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਜਾਤੀਵਾਦੀ ਸੋਚ ਖ਼ਿਲਾਫ਼ ਆਵਾਜ਼ ਉਠਾਉਣ ਨੂੰ ਗਲਤ ਢੰਗ ਨਾਲ ਪੇਸ਼ ਕਰਕੇ ਉਨ੍ਹਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਵਾਉਣਾ ਬੇਹੱਦ ਹੈਰਾਨੀਜਨਕ ਹੈ। ਉਨ੍ਹਾਂ ਤਿੱਖੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਐਫ.ਆਈ.ਆਰ. ਦਰਜ ਕਰਨੀ ਹੀ ਸੀ ਤਾਂ ਉਨ੍ਹਾਂ ਵਿਅਕਤੀਆਂ ਖ਼ਿਲਾਫ਼ ਹੋਣੀ ਚਾਹੀਦੀ ਸੀ ਜਿਨ੍ਹਾਂ ਨੇ ਕਥਿਤ ਤੌਰ ’ਤੇ ਜਾਤੀ ਨੂੰ ਆਧਾਰ ਬਣਾ ਕੇ ਮੰਚ ਦਾ ‘ਸ਼ੁੱਧੀਕਰਨ’ ਕੀਤਾ। ਉਨ੍ਹਾਂ ਕਿਹਾ ਕਿ ਰਾਮ ਸੈਨਾ ਧਰਮਸਾਨ ਦੇ ਮੁਖੀ ਗਰੀਸ਼ ਪਾਂਡੇ ਅਤੇ ਉਸ ਦੇ ਸਕੱਤਰ ਖ਼ਿਲਾਫ਼ ਕਾਰਵਾਈ ਦੀ ਬਜਾਏ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਣਾ ‘ਉਲਟਾ ਚੋਰ ਕੋਤਵਾਲ ਨੂੰ ਡਾਂਟੇ’ ਵਾਲੀ ਗੱਲ ਹੈ। ਕਲਿਆਣ ਨੇ ਭਾਜਪਾ ਅਤੇ ਆਰ.ਐਸ.ਐਸ. ’ਤੇ ਹਮਲਾ ਕਰਦਿਆਂ ਕਿਹਾ ਕਿ ਦੇਸ਼ ਵਿੱਚ ਸੰਵਿਧਾਨ ਅਤੇ ਸਮਾਜਿਕ ਬਰਾਬਰੀ ਦੀ ਗੱਲ ਕਰਨ ਵਾਲਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੇਸ਼ ਵਿੱਚ ਸੰਵਿਧਾਨਕ ਹੱਕਾਂ ਅਤੇ ਸਮਾਜਿਕ ਨਿਆਂ ਦੀ ਲੜਾਈ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਕਾਂਗਰਸ ਦੀ ਭੂਮਿਕਾ ਨਾ ਹੁੰਦੀ ਤਾਂ ਐਸ.ਸੀ. ਅਤੇ ਪਿੱਛੜੇ ਵਰਗਾਂ ਦੇ ਹੱਕਾਂ ਦੀ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਅਤੇ ਆਰ.ਐਸ.ਐਸ. ਦੀਆਂ ਨੀਤੀਆਂ ਕਾਰਨ ਐਸ.ਸੀ., ਐਸ.ਟੀ. ਅਤੇ ਪਿੱਛੜੇ ਵਰਗਾਂ ਵਿੱਚ ਆਪਣੇ ਅਧਿਕਾਰਾਂ ਅਤੇ ਰਾਖਵੇਂਕਰਨ ਨੂੰ ਲੈ ਕੇ ਚਿੰਤਾ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕਿਸੇ ਵੀ ਕੀਮਤ ’ਤੇ ਸੰਵਿਧਾਨ, ਰਾਖਵੇਂਕਰਨ ਅਤੇ ਸਮਾਜਿਕ ਨਿਆਂ ਨਾਲ ਸਮਝੌਤਾ ਨਹੀਂ ਕਰੇਗੀ। ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਕਾਂਗਰਸ ਦਾ ਨਹੀਂ, ਸਗੋਂ ਦੇਸ਼ ਦੇ ਕਰੋੜਾਂ ਐਸ.ਸੀ. ਅਤੇ ਪਿੱਛੜੇ ਵਰਗਾਂ ਦੇ ਸਵੈ-ਸਨਮਾਨ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਦੀ ਜਾਤੀ ਨੂੰ ਆਧਾਰ ਬਣਾ ਕੇ ਉਸ ਦੇ ਬੈਠਣ ਵਾਲੇ ਮੰਚ ਨੂੰ ‘ਅਸ਼ੁੱਧ’ ਦੱਸਣਾ ਸਿੱਧੇ ਤੌਰ ’ਤੇ ਜਾਤੀਵਾਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਸਿੰਗਲਾ ਨੇ ਕਿਹਾ ਕਿ ਅੱਜ ਦੇ ਭਾਰਤ ਵਿੱਚ ਅਜਿਹੀ ਸੋਚ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ ਅਤੇ ਜੋ ਲੋਕ ਸੰਵਿਧਾਨ ਦੀ ਸਹੁੰ ਚੁੱਕ ਕੇ ਸੱਤਾ ਵਿੱਚ ਹਨ, ਉਨ੍ਹਾਂ ਨੂੰ ਇਸ ਮਾਮਲੇ ’ਤੇ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਸਿੰਗਲਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਜੇਕਰ ਛੂਆਛੂਤ ਅਤੇ ਜਾਤੀਵਾਦ ਦੇ ਖ਼ਿਲਾਫ਼ ਆਵਾਜ਼ ਚੁੱਕੀ ਹੈ ਤਾਂ ਇਹ ਗੁਨਾਹ ਨਹੀਂ, ਸਗੋਂ ਸਮਾਜਿਕ ਬਰਾਬਰੀ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕਥਿਤ ਤੌਰ ’ਤੇ ਸ਼ੁੱਧੀਕਰਨ ਦੀ ਕਾਰਵਾਈ ਕੀਤੀ, ਉਨ੍ਹਾਂ ’ਤੇ ਕਾਨੂੰਨ ਆਪਣਾ ਕੰਮ ਕਰਨ ਦੀ ਬਜਾਏ ਰਾਹੁਲ ਗਾਂਧੀ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਵਾਉਣਾ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਭਾਜਪਾ-ਆਰ.ਐਸ.ਐਸ. ਨੂੰ ਸਵਾਲ ਕੀਤਾ ਕਿ ਜੇਕਰ ਦੇਸ਼ ਦਾ ਸੰਵਿਧਾਨ ਹਰ ਨਾਗਰਿਕ ਨੂੰ ਬਰਾਬਰ ਮੰਨਦਾ ਹੈ ਤਾਂ ਫਿਰ ਜਾਤੀ ਦੇ ਆਧਾਰ ’ਤੇ ‘ਸ਼ੁੱਧ-ਅਸ਼ੁੱਧ’ ਦੀ ਸੋਚ ਨੂੰ ਕਿਵੇਂ ਬਰਦਾਸ਼ਤ ਕੀਤਾ ਜਾ ਸਕਦਾ ਹੈ? ਸਿੰਗਲਾ ਨੇ ਕਿਹਾ ਕਿ ਐਸ.ਸੀ. ਸਮਾਜ ਹੁਣ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਜਾਤੀਵਾਦੀ ਸੋਚ ਜਾਂ ਸੰਵਿਧਾਨਕ ਹੱਕਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ੍ਟਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਲਿਤ, ਪਿੱਛੜੇ ਅਤੇ ਕਮਜ਼ੋਰ ਵਰਗਾਂ ਦੇ ਹੱਕਾਂ ਦੀ ਆਵਾਜ਼ ਹਮੇਸ਼ਾ ਬੁਲੰਦ ਕਰਦੀ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਕਥਿਤ ਤੌਰ ’ਤੇ ਜਾਤੀ ਆਧਾਰਿਤ ਭੇਦਭਾਵ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਰਾਹੁਲ ਗਾਂਧੀ ਖ਼ਿਲਾਫ਼ ਦਰਜ ਕੀਤੀ ਗਈ ਐਫ.ਆਈ.ਆਰ. ਦੀ ਵੀ ਨਿਰਪੱਖ ਸਮੀਖਿਆ ਕੀਤੀ ਜਾਵੇ। ਇਸ ਮੌਕੇ ਹਰਪ੍ਰੀਤ ਸਿੰਘ ਪਿਆਰੀ, ਗੁਰਜੀਤ ਕੌਰ, ਸਵਰਨ ਸਿੰਘ ਖਡਾਲ, ਹਰਵਿੰਦਰ ਸਿੰਘ ਸਵੀਟੀ, ਕੁਲਦੀਪ ਸਿੰਘ ਭੀਖੀ, ਜਗਸੀਰ ਸਿੰਘ ਅਲੀਕੇ, ਮਲਕੀਤ ਸਿੰਘ, ਜਸਵਿੰਦਰ ਸਿੰਘ, ਰਜਿੰਦਰ ਪਾਸਟਰ, ਸਤਪਾਲ ਸਿੰਘ ਮੂਲੇਵਾਲਾ, ਹਰਬੰਸ ਸਿੰਘ ਖਿੱਪਲ, ਗੁਰਜੀਤ ਸਿੰਘ ਫੌਜੀ, ਮੱਖਣ ਸ਼ਰਮਾ, ਜਗਮੋਹਨ ਜੋਨੀ, ਗੁਰਸੇਵਕ ਸਿੰਘ ਬਰੇ, ਲਛਮਣ ਸਿੰਘ ਲਖੀਆ, ਕਰਮਜੀਤ ਸਿੰਘ, ਰਣਜੀਤ ਸਿੰਘ, ਸੰਧੂਰਾ ਸਿੰਘ ਝੁਨੀਰ ਆਦਿ ਹਾਜ਼ਰ ਸਨ।
Leave a Reply