ਸਰਹੱਦੀ ਇਲਾਕੇ ‘ਚ ਚੱਲ ਰਹੀ ਗੈਰਕਾਨੂੰਨੀ ਤਸਕਰੀ ਦਾ ਖੁਲਾਸਾ

ਸਰਹੱਦੀ ਇਲਾਕੇ ‘ਚ ਚੱਲ ਰਹੀ ਗੈਰਕਾਨੂੰਨੀ ਤਸਕਰੀ ਦਾ ਖੁਲਾਸਾ

ਹੈਰੋਇਨ ਤੇ ਹਥਿਆਰਾਂ ਸਣੇ ਪੰਜ ਤਸਕਰ ਗ੍ਰਿਫਤਾਰ ਅੰਮ੍ਰਿਤਸਰ ਪੁਲੀਸ ਨੇ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ੇ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਪੰਜ ਵਿਅਕਤੀਆਂ ਨੂੰ ਹਥਿਆਰਾਂ ਤੇ ਨਸ਼ੇ ਦੀ ਖੇਪ ਸਣੇ ਗ੍ਰਿਫਤਾਰ ਕੀਤਾ ਹੈ। ਡੀਜੀਪੀ ਗੌਰਵ ਯਾਦਵ ਮੁਤਾਬਕ ਪੁਲੀਸ ਨੇ ਛੇ ਪਿਸਤੌਲ, 10 ਕਾਰਤੂਸ, 115 ਗ੍ਰਾਮ ਹੈਰੋਇਨ ਅਤੇ 11.90 ਲੱਖ ਰੁਪਏ ਨਗਦ ਬਰਾਮਦ ਕੀਤੇ ਹਨ। ਗੌਰਵ ਯਾਦਵ ਨੇ 'ਐਕਸ' (X) 'ਤੇ ਇੱਕ ਪੋਸਟ ਵਿੱਚ ਕਿਹਾ, "‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਤਹਿਤ ਖੂਫੀਆ ਜਾਣਕਾਰੀ ਦੇ ਆਧਾਰ ’ਤੇ ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਸਰਹੱਦ ਪਾਰ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਡਿਊਲ ਦਾ ਭੰਡਾਫੋੜ ਕੀਤਾ, ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਅਤੇ ਛੇ ਅਤਿ-ਆਧੁਨਿਕ ਪਿਸਤੌਲਾਂ, 10 ਕਾਰਤੂਸ, 115 ਗ੍ਰਾਮ ਹੈਰੋਇਨ ਅਤੇ 11.90 ਲੱਖ ਰੁਪਏ ਬਰਾਮਦ ਕੀਤੇ।" ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਮੁਲਜ਼ਮ ਸਰਹੱਦ ਪਾਰ ਤਸਕਰੀ ਨੈੱਟਵਰਕ ਨਾਲ ਸਰਗਰਮੀ ਨਾਲ ਜੁੜੇ ਹੋਏ ਹਨ ਅਤੇ ਨਾਜਾਇਜ਼ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਅੰਮ੍ਰਿਤਸਰ ਦੇ ਪੁਲੀਸ ਥਾਣਾ ਛਾਉਣੀ ਵਿੱਚ ਅਸਲਾ ਐਕਟ ਅਤੇ ਐਨ.ਡੀ.ਪੀ.ਐਸ (NDPS) ਐਕਟ ਤਹਿਤ ਐਫ.ਆਈ.ਆਰ ਦਰਜ ਕੀਤੀ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।