'ਮੈਂ ਸਰਦਾਰਨੀ ਹਾਂ, ਕਿਸੇ ਤੋਂ ਨਹੀਂ ਡਰਦੀ': ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਾਲੀ ਜਗਦੀਸ਼ ਕੌਰ ਭਾਜਪਾ ਦੇ 1984 ਸੰਮੇਲਨ 'ਚ ਹੋਣਗੇ ਸ਼ਾਮਲ
- ਪੰਜਾਬ
- (Asia/Kolkata)
1984 ਦੇ ਸਿੱਖ ਕਤਲੇਆਮ ਦੌਰਾਨ ਇਨਸਾਫ਼ ਲਈ ਲੰਮੀ ਅਤੇ ਅਣਥੱਕ ਕਾਨੂੰਨੀ ਲੜਾਈ ਲੜਨ ਵਾਲੀ ਅੰਮ੍ਰਿਤਸਰ ਦੀ ਰਹਿਣ ਵਾਲੀ ਜਗਦੀਸ਼ ਕੌਰ ਅੱਜ ਚੰਡੀਗੜ੍ਹ ਵਿਖੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਵੱਲੋਂ ਆਯੋਜਿਤ ਇੱਕ ਰੋਜ਼ਾ ਵਿਸ਼ੇਸ਼ ਸੰਮੇਲਨ ਵਿੱਚ ਮੁੱਖ ਭਾਗੀਦਾਰ ਵਜੋਂ ਸ਼ਾਮਲ ਹੋ ਰਹੇ ਹਨ। ਜਗਦੀਸ਼ ਕੌਰ ਦੀ ਦ੍ਰਿੜ੍ਹਤਾ ਅਤੇ ਅਦਾਲਤ ਵਿੱਚ ਦਿੱਤੀ ਗਈ ਖੌਫ਼ਨਾਕ ਗਵਾਹੀ ਦੇ ਬਲਬੂਤੇ ਹੀ ਇੱਕ ਸਮੇਂ ਦੇ ਕਾਂਗਰਸ ਦੇ ਤਾਕਤਵਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਇਸ ਮਾਮਲੇ ਵਿੱਚ ਪਹਿਲੀ ਵਾਰ ਦੋਸ਼ੀ ਠਹਿਰਾਇਆ ਗਿਆ ਸੀ। ਇਸ ਮਾਮਲੇ ਵਿੱਚ 17 ਦਸੰਬਰ 2018 ਨੂੰ ਦਿੱਲੀ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਉਸ ਫੈਸਲੇ ਨੂੰ ਪਲਟ ਦਿੱਤਾ ਸੀ, ਜਿਸ ਰਾਹੀਂ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਸੀ। ਉਲੇਖਯੋਗ ਹੈ ਕਿ 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 2 ਨਵੰਬਰ 1984 ਨੂੰ ਦਿੱਲੀ ਦੀ ਪਾਲਮ ਕਲੋਨੀ (ਰਾਜ ਨਗਰ) ਵਿਖੇ ਵਾਪਰੀ ਘਟਨਾ ਦੌਰਾਨ ਜਗਦੀਸ਼ ਕੌਰ ਦੇ ਪਤੀ ਅਤੇ 18 ਸਾਲਾ ਪੁੱਤਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਜਿਸ ਦਾ ਮੁੱਖ ਦੋਸ਼ੀ ਸੱਜਣ ਕੁਮਾਰ ਸੀ। ਆਪਣੀ ਇਸ ਦਰਦਨਾਕ ਅਤੇ ਸੰਘਰਸ਼ਪੂਰਨ ਲੜਾਈ ਬਾਰੇ ਗੱਲਬਾਤ ਕਰਦਿਆਂ ਜਗਦੀਸ਼ ਕੌਰ ਨੇ ਦੱਸਿਆ ਕਿ ਇਹ ਲੜਾਈ ਅਤਿਅੰਤ ਤਕਲੀਫ਼ਦੇਹ ਰਹੀ ਅਤੇ ਮੌਜੂਦਾ ਸਿਸਟਮ ਨੇ ਉਨ੍ਹਾਂ ਨੂੰ ਤੋੜਨ ਵਿੱਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਖ਼ੁਲਾਸਾ ਕੀਤਾ ਕਿ ਸੱਜਣ ਕੁਮਾਰ ਵਿਰੁੱਧ ਕੇਸ ਵਾਪਸ ਲੈਣ ਲਈ ਉਨ੍ਹਾਂ ਨੂੰ 8 ਕਰੋੜ ਰੁਪਏ ਨਕਦ, ਇੱਕ ਪਲਾਟ ਅਤੇ ਵਿਦੇਸ਼ ਵਿੱਚ ਵਸਾਉਣ ਦਾ ਵੱਡਾ ਲਾਲਚ ਦਿੱਤਾ ਗਿਆ ਸੀ। ਪਰ ਉਨ੍ਹਾਂ ਨੇ ਸਾਰੇ ਲਾਲਚਾਂ ਨੂੰ ਠੁਕਰਾਉਂਦੇ ਹੋਏ ਸਪੱਸ਼ਟ ਆਖਿਆ ਕਿ ਉਹ ਇੱਕ 'ਸਰਦਾਰਨੀ' ਹਨ ਅਤੇ ਕਿਸੇ ਦੀ ਧਮਕੀ ਜਾਂ ਲਾਲਚ ਤੋਂ ਡਰਨ ਵਾਲੇ ਨਹੀਂ ਹਨ। ਜਗਦੀਸ਼ ਕੌਰ ਅੱਜ ਆਨਲਾਈਨ ਮਾਧਿਅਮ ਰਾਹੀਂ ਭਾਜਪਾ ਦੇ ਇਸ ਸੰਮੇਲਨ ਵਿੱਚ ਜੁੜ ਕੇ ਆਪਣੇ ਸੰਘਰਸ਼ ਦੀ ਕਹਾਣੀ ਸਾਂਝੀ ਕਰਨਗੇ। ਦਿੱਲੀ ਹਾਈ ਕੋਰਟ ਦੇ ਫੈਸਲੇ ਵਿੱਚ ਰਾਜ ਨਗਰ ਵਿਖੇ ਜਗਦੀਸ਼ ਕੌਰ ਦੇ ਪਰਿਵਾਰ ਦੇ ਪੰਜ ਜੀਆਂ ਦੇ ਕਤਲ ਦੇ ਮਾਮਲੇ ਨਾਲ ਜੁੜੇ ਅਹਿਮ ਤੱਥਾਂ ਦਾ ਜ਼ਿਕਰ ਹੈ। ਫੈਸਲੇ ਮੁਤਾਬਕ, 2 ਨਵੰਬਰ 1984 ਨੂੰ ਸਵੇਰੇ ਲਗਭਗ 9 ਵਜੇ ਜਦੋਂ ਜਗਦੀਸ਼ ਕੌਰ ਸ਼ਿਕਾਇਤ ਦਰਜ ਕਰਵਾਉਣ ਲਈ ਪੁਲੀਸ ਚੌਕੀ ਪਹੁੰਚੇ ਤਾਂ ਉੱਥੇ ਇੱਕ ਜਨਤਕ ਸਭਾ ਚੱਲ ਰਹੀ ਸੀ। ਇਸ ਸਭਾ ਵਿੱਚ ਮੌਜੂਦ ਸਥਾਨਕ ਐਮਪੀ ਸੱਜਣ ਕੁਮਾਰ ਉਕਸਾਊ ਬਿਆਨ ਦਿੰਦਿਆਂ ਕਹਿ ਰਿਹਾ ਸੀ ਕਿ ਇੱਕ ਵੀ ਸਿੱਖ ਬਚਣਾ ਨਹੀਂ ਚਾਹੀਦਾ ਅਤੇ ਜੋ ਹਿੰਦੂ ਉਨ੍ਹਾਂ ਨੂੰ ਸ਼ਰਨ ਦੇਵੇ, ਉਸ ਦਾ ਘਰ ਵੀ ਸੜਿਆ ਜਾਵੇ। ਇਸ ਤੋਂ ਇਲਾਵਾ, ਜਗਦੀਸ਼ ਕੌਰ ਨੇ ਪੁਲੀਸ ਚੌਕੀ ਇੰਚਾਰਜ ਨੂੰ ਦੰਗਾਕਾਰੀਆਂ ਤੋਂ ਇਹ ਪੁੱਛਦੇ ਵੀ ਸੁਣਿਆ ਸੀ ਕਿ "ਕਿੰਨੇ ਮੁਰਗੇ ਭੁੰਨ ਦਿੱਤੇ"। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਇਨ੍ਹਾਂ ਖੌਫ਼ਨਾਕ ਘਟਨਾਵਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਣ ਤੋਂ ਬਾਅਦ ਜਗਦੀਸ਼ ਕੌਰ ਦਾ ਮਨੁੱਖਤਾ ਤੋਂ ਵਿਸ਼ਵਾਸ ਉੱਠ ਗਿਆ ਸੀ ਅਤੇ ਇਸ ਕੇਸ ਵਿੱਚ ਦਿੱਲੀ ਪੁਲੀਸ ਦੀ ਮਿਲੀਭੁਗਤ ਵੀ ਸਾਬਤ ਹੋਈ ਸੀ। ਇਸ ਸਭ ਦੇ ਬਾਵਜੂਦ, ਉਨ੍ਹਾਂ ਨੇ ਆਪਣੇ ਬਾਕੀ ਬੱਚਿਆਂ ਦੇ ਪਾਲਣ-ਪੋਸ਼ਣ ਲਈ ਛੋਟੇ-ਮੋਟੇ ਕੰਮ ਕੀਤੇ ਅਤੇ ਇਨਸਾਫ਼ ਦੀ ਮਿਸ਼ਾਲ ਨੂੰ ਬੁਝਣ ਨਹੀਂ ਦਿੱਤਾ।
Leave a Reply