FSSAI ਦੀ ਡਾਬਰ 'ਤੇ ਵੱਡੀ ਕਾਰਵਾਈ, ‘100% ਸ਼ੁੱਧਤਾ’ ਵਾਲੇ ਦਾਅਵਿਆਂ 'ਤੇ ਉਤਪਾਦਾਂ ਦੀ ਵਿਕਰੀ ਰੋਕੀ

FSSAI ਦੀ ਡਾਬਰ 'ਤੇ ਵੱਡੀ ਕਾਰਵਾਈ, ‘100% ਸ਼ੁੱਧਤਾ’ ਵਾਲੇ ਦਾਅਵਿਆਂ 'ਤੇ ਉਤਪਾਦਾਂ ਦੀ ਵਿਕਰੀ ਰੋਕੀ

ਖਾਧ ਪਦਾਰਥਾਂ ਦੀ ਗੁਣਵੱਤਾ ਅਤੇ ਉਤਪਾਦਾਂ ਦੀ ਲੇਬਲਿੰਗ ਨੂੰ ਲੈ ਕੇ ਸਖ਼ਤ ਰਵੱਈਆ ਅਪਣਾਉਂਦਿਆਂ ਭਾਰਤੀ ਖਾਧ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੇ ਡਾਬਰ ਇੰਡੀਆ ਲਿਮਟਿਡ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਅਥਾਰਟੀ ਨੇ ਕੰਪਨੀ ਵੱਲੋਂ ਆਪਣੇ ਉਤਪਾਦਾਂ 'ਤੇ ਕੀਤੇ ਗਏ ‘100 ਫੀਸਦੀ’ ਸ਼ੁੱਧਤਾ ਨਾਲ ਸਬੰਧਤ ਅਸਪਸ਼ਟ ਅਤੇ ਗੁਮਰਾਹਕੁੰਨ ਦਾਅਵਿਆਂ ਨੂੰ ਧਿਆਨ ਵਿੱਚ ਰੱਖਦਿਆਂ Prohibition Order ਜਾਰੀ ਕੀਤਾ ਹੈ ਅਤੇ ਅਜਿਹੇ ਖਾਧ ਉਤਪਾਦਾਂ ਦੀ ਵਿਕਰੀ ਤੁਰੰਤ ਪ੍ਰਭਾਵ ਨਾਲ ਰੋਕਣ ਦੇ ਨਿਰਦੇਸ਼ ਦਿੱਤੇ ਹਨ। FSSAI ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ 'ਤੇ ਸਾਂਝੀ ਕੀਤੀ ਜਾਣਕਾਰੀ ਅਨੁਸਾਰ, ਡਾਬਰ ਦੀ ਵੈੱਬਸਾਈਟ 'ਤੇ ਵਿਕ ਰਹੇ ਕਈ ਉਤਪਾਦਾਂ ਉੱਤੇ 100% ਨੈਚੁਰਲ, 100% ਪਿਓਰ, 100% ਪਿਓਰਟੀ ਗਾਰੰਟੀਡ, 100% ਔਰਗੈਨਿਕ ਅਤੇ 100% ਟੈਂਡਰ ਕੋਕੋਨਟ ਵਾਟਰ ਵਰਗੇ ਦਾਅਵੇ ਕੀਤੇ ਜਾ ਰਹੇ ਸਨ। ਅਥਾਰਟੀ ਦਾ ਕਹਿਣਾ ਹੈ ਕਿ ਇਹ ਦਾਅਵੇ ਫੂਡ ਸੇਫਟੀ ਐਂਡ ਸਟੈਂਡਰਡਜ਼ (ਐਡਵਰਟਾਈਜ਼ਿੰਗ ਐਂਡ ਕਲੇਮਜ਼) ਰੈਗੂਲੇਸ਼ਨਜ਼, 2018 ਦੀਆਂ ਵਿਵਸਥਾਵਾਂ ਦੇ ਉਲਟ ਹਨ, ਕਿਉਂਕਿ ਇਹ ਅਸਪਸ਼ਟ, ਗੈਰ-ਪ੍ਰਮਾਣਿਤ ਅਤੇ ਉਪਭੋਗਤਾਵਾਂ ਨੂੰ ਗੁਮਰਾਹ ਕਰਨ ਵਾਲੇ ਹਨ। ਰੈਗੂਲੇਟਰ ਨੇ ਇਹ ਵੀ ਦੱਸਿਆ ਕਿ ਡਾਬਰ ਹਿਮਾਲਅਨ ਔਰਗੈਨਿਕ ਐਪਲ ਸਾਈਡਰ ਵਿਨੇਗਰ ਅਤੇ ਡਾਬਰ ਔਰਗੈਨਿਕ ਹਨੀ 'ਤੇ ਬਿਨਾਂ ਮਾਨਤਾ ਪ੍ਰਾਪਤ FSSAI ਔਰਗੈਨਿਕ ਐਂਡੋਰਸਮੈਂਟ ਦੇ ਜੈਵਿਕ ਭਾਰਤ (Jaivik Bharat) ਦਾ ਲੋਗੋ ਲਗਾਇਆ ਗਿਆ ਸੀ। ਇਸ ਤੋਂ ਇਲਾਵਾ ਡਾਬਰ ਹੋਮਮੇਡ ਕੋਕੋਨਟ ਮਿਲਕ ਨੂੰ ਵੀ 100% ਸ਼ੁੱਧਤਾ ਦੇ ਦਾਅਵੇ ਨਾਲ ਵੇਚਿਆ ਜਾ ਰਿਹਾ ਸੀ, ਜਦਕਿ ਮਿਸ਼ਰਤ ਖਾਧ ਪਦਾਰਥਾਂ ਲਈ ਅਜਿਹੇ ਦਾਅਵੇ ਕਰਨ ਦੀ ਕਾਨੂੰਨੀ ਮਨਾਹੀ ਹੈ। FSSAI ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕੰਪਨੀ ਨੂੰ ਪਹਿਲਾਂ ਵੀ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਇਸ ਦੇ ਬਾਵਜੂਦ ਕੋਈ ਪ੍ਰਭਾਵਸ਼ਾਲੀ ਸੁਧਾਰਾਤਮਕ ਕਦਮ ਨਹੀਂ ਚੁੱਕਿਆ ਗਿਆ। ਇਸ ਤੋਂ ਬਾਅਦ ਅਥਾਰਟੀ ਨੇ ਸਖ਼ਤ ਕਾਰਵਾਈ ਕਰਦਿਆਂ ਪਾਬੰਦੀ ਦੇ ਹੁਕਮ ਜਾਰੀ ਕੀਤੇ। ਇਸੇ ਦੌਰਾਨ ਕੇਂਦਰ ਸਰਕਾਰ ਨੇ ਸੰਸਦ ਵਿੱਚ ਖਾਧ ਪਦਾਰਥਾਂ ਦੀ ਗੁਣਵੱਤਾ ਨਾਲ ਜੁੜੇ ਅੰਕੜੇ ਵੀ ਸਾਂਝੇ ਕੀਤੇ ਹਨ। ਲੋਕ ਸਭਾ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰਤਾਪਰਾਓ ਜਾਧਵ ਨੇ ਦੱਸਿਆ ਕਿ ਸਾਲ 2025-26 ਦੌਰਾਨ ਦੇਸ਼ ਭਰ ਵਿੱਚ 2,23,808 ਖਾਧ ਪਦਾਰਥਾਂ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿੱਚੋਂ 40,023 ਸੈਂਪਲ ਨਿਰਧਾਰਤ ਮਿਆਰਾਂ 'ਤੇ ਖਰੇ ਨਹੀਂ ਉਤਰੇ ਅਤੇ non-conforming ਪਾਏ ਗਏ। ਇਨ੍ਹਾਂ ਵਿੱਚ ਖਾਧ ਪਦਾਰਥਾਂ ਦੇ ਨਾਲ-ਨਾਲ ਪੀਣ ਵਾਲੇ ਪਦਾਰਥ ਅਤੇ ਕੈਫੀਨ ਵਾਲੇ ਡਰਿੰਕਸ ਵੀ ਸ਼ਾਮਲ ਸਨ।