ਮੁਹਾਲੀ: ਪਾਲਤੂ ਕੁੱਤੇ ‘ਰੌਕੀ’ ਦੀ ਸੂਝਬੂਝ ਨਾਲ 5 ਸਾਲ ਪੁਰਾਣੇ ਕਤਲ ਕੇਸ ਦਾ ਹੋਇਆ ਖੁਲਾਸਾ

ਮੁਹਾਲੀ: ਪਾਲਤੂ ਕੁੱਤੇ ‘ਰੌਕੀ’ ਦੀ ਸੂਝਬੂਝ ਨਾਲ 5 ਸਾਲ ਪੁਰਾਣੇ ਕਤਲ ਕੇਸ ਦਾ ਹੋਇਆ ਖੁਲਾਸਾ

ਇਹ ਕਹਾਵਤ ਕਿ ਕੁੱਤਾ ਇਨਸਾਨ ਦਾ ਸਭ ਤੋਂ ਵਫ਼ਾਦਾਰ ਦੋਸਤ ਹੁੰਦਾ ਹੈ, ਮੁਹਾਲੀ ਦੇ ਇੱਕ ਮਾਮਲੇ ਵਿੱਚ ਇਕ ਵਾਰ ਫਿਰ ਸੱਚ ਸਾਬਤ ਹੋਈ ਹੈ। ਇੱਕ ਪਾਲਤੂ ਕੁੱਤੇ ‘ਰੌਕੀ’ ਦੀ ਸੂਝਬੂਝ ਅਤੇ ਵਫ਼ਾਦਾਰੀ ਨੇ ਪੰਜ ਸਾਲ ਪੁਰਾਣੇ ਅੰਨ੍ਹੇ ਕਤਲ ਮਾਮਲੇ ਦੀ ਗੁੱਥੀ ਸੁਲਝਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇਸੇ ਮਾਮਲੇ ਵਿੱਚ ਹੁਣ ਅਦਾਲਤ ਨੇ ਮੁੱਖ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ 12 ਜੂਨ 2021 ਦਾ ਹੈ। ਛੋਟੀ ਬੜੀ ਨੱਗਲ ਪਿੰਡ ਦੇ ਰਹਿਣ ਵਾਲੇ ਬੱਕਰੀ ਪਾਲਕ ਸੁੱਚਾ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੀਆਂ ਬੱਕਰੀਆਂ ਚਾਰਨ ਲਈ ਘਰੋਂ ਨਿਕਲੇ ਸਨ, ਪਰ ਉਹ ਵਾਪਸ ਨਹੀਂ ਲੌਟੇ। ਜਾਣਕਾਰੀ ਅਨੁਸਾਰ ਸੁੱਚਾ ਸਿੰਘ ਨੇ ਪਿੰਡ ਦੇ ਹੀ ਜਗੀਰ ਸਿੰਘ ਉਰਫ਼ ਘੋਲਾ ਨੂੰ ਕੁਝ ਬੱਕਰੀਆਂ ਵੇਚੀਆਂ ਸਨ, ਜਿਸ ਦੇ 40 ਹਜ਼ਾਰ ਰੁਪਏ ਬਾਕੀ ਸਨ। ਪਰਿਵਾਰ ਵੱਲੋਂ ਹਰ ਸੰਭਵ ਥਾਂ ਉਨ੍ਹਾਂ ਦੀ ਭਾਲ ਕੀਤੀ ਗਈ, ਪਰ ਕੋਈ ਸੁਰਾਗ ਨਹੀਂ ਮਿਲਿਆ। ਇਸ ਦੌਰਾਨ ਪਰਿਵਾਰ ਦਾ ਪਾਲਤੂ ਕੁੱਤਾ ਰੌਕੀ ਆਪਣੇ ਮਾਲਕ ਦੀ ਭਾਲ ਵਿੱਚ ਲਗਾਤਾਰ ਇੱਕੋ ਖੇਤ ਵੱਲ ਪਰਿਵਾਰਕ ਮੈਂਬਰਾਂ ਨੂੰ ਲੈ ਜਾਂਦਾ ਰਿਹਾ। ਉਹ ਇੱਕ ਖਾਸ ਥਾਂ ‘ਤੇ ਖੜ੍ਹ ਕੇ ਲਗਾਤਾਰ ਭੌਂਕਦਾ ਸੀ। ਰੌਕੀ ਦੇ ਇਸ ਵਿਹਾਰ ਨੇ ਪਰਿਵਾਰ ਨੂੰ ਸ਼ੱਕ ਪੈਦਾ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਦੋਂ ਦੱਸੀ ਗਈ ਥਾਂ ਦੀ ਖੁਦਾਈ ਕਰਵਾਈ ਤਾਂ ਉੱਥੋਂ ਇੱਕ ਲਾਸ਼ ਬਰਾਮਦ ਹੋਈ, ਜਿਸ ਦਾ ਸਿਰ ਧੜ ਤੋਂ ਵੱਖ ਕੀਤਾ ਗਿਆ ਸੀ। ਜਾਂਚ ਦੌਰਾਨ ਇਹ ਲਾਸ਼ ਲਾਪਤਾ ਸੁੱਚਾ ਸਿੰਘ ਦੀ ਹੋਣ ਦੀ ਪੁਸ਼ਟੀ ਹੋਈ। ਰੌਕੀ ਵੱਲੋਂ ਦਿੱਤੇ ਇਸ ਮਹੱਤਵਪੂਰਨ ਸੁਰਾਗ ਦੇ ਆਧਾਰ ‘ਤੇ ਪੁਲਿਸ ਨੇ ਜਾਂਚ ਨੂੰ ਅੱਗੇ ਵਧਾਉਂਦਿਆਂ ਜਗੀਰ ਸਿੰਘ ਉਰਫ਼ ਘੋਲਾ ਖ਼ਿਲਾਫ਼ ਕੇਸ ਦਰਜ ਕੀਤਾ। ਬਾਅਦ ਵਿੱਚ ਪੁਲਿਸ ਨੇ ਇੱਕ ਹੋਰ ਥਾਂ ਤੋਂ ਮ੍ਰਿਤਕ ਦਾ ਸਿਰ ਵੀ ਬਰਾਮਦ ਕਰ ਲਿਆ, ਜਿਸ ਨੂੰ ਕਥਿਤ ਤੌਰ ‘ਤੇ ਦੋਸ਼ੀਆਂ ਵੱਲੋਂ ਸੁੱਟਿਆ ਗਿਆ ਸੀ। ਲੰਬੀ ਅਦਾਲਤੀ ਕਾਰਵਾਈ ਤੋਂ ਬਾਅਦ ਮੁਹਾਲੀ ਦੀ ਅਦਾਲਤ ਨੇ ਇਸ ਸਨਸਨੀਖੇਜ਼ ਕਤਲ ਮਾਮਲੇ ਵਿੱਚ ਫ਼ੈਸਲਾ ਸੁਣਾਉਂਦਿਆਂ ਮੁੱਖ ਦੋਸ਼ੀ ਜਗੀਰ ਸਿੰਘ ਨੂੰ ਉਮਰ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਨੇ ਇੱਕ ਵਾਰ ਫਿਰ ਦਰਸਾਇਆ ਹੈ ਕਿ ਪਾਲਤੂ ਜਾਨਵਰਾਂ ਦੀ ਵਫ਼ਾਦਾਰੀ ਅਤੇ ਸੂਝਬੂਝ ਕਈ ਵਾਰ ਜਾਂਚ ਏਜੰਸੀਆਂ ਲਈ ਵੀ ਅਹਿਮ ਸੁਰਾਗ ਸਾਬਤ ਹੋ ਸਕਦੀ ਹੈ। ਭਾਵੇਂ ਸੁੱਚਾ ਸਿੰਘ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ, ਪਰ ਉਨ੍ਹਾਂ ਦੇ ਵਫ਼ਾਦਾਰ ਸਾਥੀ ਰੌਕੀ ਨੇ ਇਨਸਾਫ਼ ਤੱਕ ਪਹੁੰਚਣ ਵਿੱਚ ਅਹਿਮ ਭੂਮਿਕਾ ਨਿਭਾਈ।