270 ਯਾਤਰੀਆਂ ਨਾਲ ਭਰੀ ਕਿਸ਼ਤੀ ਸਮੁੰਦਰ ’ਚ ਪਲਟੀ, 159 ਲੋਕ ਸੁਰੱਖਿਅਤ ਬਚਾਏ

270 ਯਾਤਰੀਆਂ ਨਾਲ ਭਰੀ ਕਿਸ਼ਤੀ ਸਮੁੰਦਰ ’ਚ ਪਲਟੀ, 159 ਲੋਕ ਸੁਰੱਖਿਅਤ ਬਚਾਏ

ਨੌਰਥ ਸਾਈਪ੍ਰਸ ਦੇ ਨੇੜੇ ਲਗਭਗ 270 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਯਾਤਰੀ ਕਿਸ਼ਤੀ ਦੇ ਅਚਾਨਕ ਪਲਟ ਜਾਣ ਤੋਂ ਬਾਅਦ ਵੱਡੇ ਪੱਧਰ ’ਤੇ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਕੈਟਾਮਾਰਨ ਸ਼ੈਲੀ ਦੀ ਇਹ ਕਿਸ਼ਤੀ ਤੁਰਕੀਏ ਦੇ ਮਰਸਿਨ ਸੂਬੇ ਵਿੱਚ ਸਥਿਤ ਤਾਸੁਕੂ ਬੰਦਰਗਾਹ ਵੱਲ ਜਾ ਰਹੀ ਸੀ। ਇਹ ਉੱਤਰੀ ਸਾਈਪ੍ਰਸ ਦੇ ਕਾਇਰੇਨੀਆ ਬੰਦਰਗਾਹ ਤੋਂ ਰਵਾਨਾ ਹੋਈ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਤੁਰਕੀਏ ਸਾਈਪ੍ਰਸ ਕੋਸਟ ਗਾਰਡ ਦੀਆਂ ਬੇੜੀਆਂ ਤੁਰੰਤ ਰਾਹਤ ਅਤੇ ਬਚਾਅ ਕਾਰਜਾਂ ਲਈ ਘਟਨਾ ਸਥਾਨ ਵੱਲ ਭੇਜੀਆਂ ਗਈਆਂ। ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਇੱਕ ਰੈਸਕਿਊ ਹੈਲੀਕਾਪਟਰ ਨੂੰ ਵੀ ਬੈਕਅੱਪ ਲਈ ਤਾਇਨਾਤ ਕੀਤਾ ਗਿਆ। ਇਸ ਤੋਂ ਇਲਾਵਾ ਕਾਇਰੇਨੀਆ ਬੰਦਰਗਾਹ ਦੇ ਨੇੜੇ ਮੌਜੂਦ ਨਿੱਜੀ ਅਤੇ ਵਪਾਰਕ ਕਿਸ਼ਤੀਆਂ ਵੀ ਬਚਾਅ ਕਾਰਜ ਵਿੱਚ ਸ਼ਾਮਲ ਹੋਣ ਲਈ ਸਮੁੰਦਰ ਵਿੱਚ ਉਤਰ ਗਈਆਂ। ਇਨ੍ਹਾਂ ਵੱਲੋਂ ਪਾਣੀ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁੱਢਲੀ ਜਾਣਕਾਰੀ ਮੁਤਾਬਕ ਕਿਸ਼ਤੀ ਵਿੱਚ ਅਚਾਨਕ ਪਾਣੀ ਭਰਨਾ ਸ਼ੁਰੂ ਹੋ ਗਿਆ ਸੀ। ਇਸ ਕਾਰਨ ਕਿਸ਼ਤੀ ਅਸੰਤੁਲਿਤ ਹੋ ਕੇ ਪਲਟ ਗਈ। ਕਿਸ਼ਤੀ ਵਿੱਚ 262 ਯਾਤਰੀ ਅਤੇ ਅੱਠ ਕਰੂ ਮੈਂਬਰ ਸਵਾਰ ਸਨ, ਜਿਸ ਨਾਲ ਕੁੱਲ 270 ਲੋਕਾਂ ਦੀਆਂ ਜ਼ਿੰਦਗੀਆਂ ਖਤਰੇ ਵਿੱਚ ਪੈ ਗਈਆਂ। ਰਾਹਤ ਦੀ ਗੱਲ ਇਹ ਹੈ ਕਿ ਬਚਾਅ ਟੀਮਾਂ ਦੀ ਤੁਰੰਤ ਕਾਰਵਾਈ ਨਾਲ ਹੁਣ ਤੱਕ 159 ਲੋਕਾਂ ਨੂੰ ਪਾਣੀ ਵਿੱਚੋਂ ਸੁਰੱਖਿਅਤ ਕੱਢ ਕੇ ਕਿਨਾਰੇ ਤੱਕ ਪਹੁੰਚਾਇਆ ਜਾ ਚੁੱਕਾ ਹੈ। ਪਾਣੀ ਵਿੱਚ ਫਸੇ ਬਾਕੀ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਰੈਸਕਿਊ ਆਪ੍ਰੇਸ਼ਨ ਲਗਾਤਾਰ ਜਾਰੀ ਹੈ। ਫਿਲਹਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਤੁਰੰਤ ਕੋਈ ਪੁਸ਼ਟੀ ਨਹੀਂ ਹੋਈ ਹੈ। ਬਚਾਅ ਏਜੰਸੀਆਂ ਵੱਲੋਂ ਸਮੁੰਦਰ ਵਿੱਚ ਫਸੇ ਬਾਕੀ ਲੋਕਾਂ ਦੀ ਭਾਲ ਅਤੇ ਉਨ੍ਹਾਂ ਨੂੰ ਸੁਰੱਖਿਅਤ ਕਿਨਾਰੇ ਤੱਕ ਲਿਆਉਣ ਦੀ ਕਾਰਵਾਈ ਜਾਰੀ ਹੈ।