ਖਰੜਾ ਵੋਟਰ ਸੂਚੀ ’ਚੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਨਾਮ ਹਟਾਇਆ
- ਪੰਜਾਬ
- (Asia/Kolkata)
ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ਮਗਰੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਨਾਮ ਪੰਜਾਬ ਦੀ ਖਰੜਾ ਵੋਟਰ ਸੂਚੀ ’ਚੋਂ ਹਟਾ ਦਿੱਤਾ ਗਿਆ ਹੈ। ਸੁਧਾਈ ਦੌਰਾਨ ਇਹ ਪੁਸ਼ਟੀ ਹੋਈ ਕਿ ਉਹ ਆਪਣੇ ਪੰਜਾਬੀ ਰਿਹਾਇਸ਼ੀ ਟਿਕਾਣੇ ਤੋਂ ਸ਼ਿਫ਼ਟ ਹੋ ਚੁੱਕੇ ਹਨ, ਜਿਸ ਕਾਰਨ ਉਨ੍ਹਾਂ ਦੀ ਵੋਟ ਪੰਜਾਬ ’ਚੋਂ ਕੱਟ ਦਿੱਤੀ ਗਈ। ਰਾਘਵ ਚੱਢਾ, ਜੋ ਹਾਲ ਹੀ ਵਿੱਚ ਭਾਜਪਾ ’ਚ ਸ਼ਾਮਲ ਹੋਏ ਹਨ, ਨੇ ਇਸਨੂੰ ‘ਸਿਆਸੀ ਬਦਲਾਖੋਰੀ’ ਕਰਾਰ ਦਿੰਦਿਆਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਗੁੱਸਾ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਦਮ ਸਿਰਫ਼ ਰਾਜਨੀਤਿਕ ਵਿਰੋਧ ਦੇ ਤਹਿਤ ਚੁੱਕਿਆ ਗਿਆ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਸਵਾਲ ਉਠਾਇਆ ਹੈ ਕਿ ਚੋਣ ਕਮਿਸ਼ਨ ਦੀ ਸੁਧਾਈ ਪ੍ਰਕਿਰਿਆ ’ਚ ਵੋਟ ਕੱਟੇ ਜਾਣ ਨਾਲ ਸੂਬਾਈ ਸਰਕਾਰ ਦਾ ਕੀ ਲੈਣਾ-ਦੇਣਾ ਹੈ। ਚੋਣ ਕਮਿਸ਼ਨ ਵੱਲੋਂ 13 ਅਗਸਤ ਨੂੰ ਖਰੜਾ ਵੋਟਰ ਸੂਚੀ ਜਾਰੀ ਕੀਤੀ ਗਈ ਸੀ, ਜਿਸ ’ਚ ਰਾਘਵ ਚੱਢਾ ਦੀ ਵੋਟ ਕੱਟੇ ਜਾਣ ਦੀ ਪੁਸ਼ਟੀ ਹੋਈ। ਇਸ ਪ੍ਰਕਿਰਿਆ ਦੌਰਾਨ ਪੰਜਾਬ ’ਚ ਕੁੱਲ 20.66 ਲੱਖ ਵੋਟਰਾਂ ਦੇ ਨਾਮ ਹਟਾਏ ਗਏ ਹਨ, ਜੋ ਕਿ ਕੁੱਲ ਵੋਟਰ ਸੂਚੀ ਦਾ ਕਰੀਬ 9.7 ਫ਼ੀਸਦੀ ਹੈ। ਵੇਰਵਿਆਂ ਅਨੁਸਾਰ, ਰਾਘਵ ਚੱਢਾ ਨੇ ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਪੰਜਾਬ ’ਚ ਘੱਟ ਹੀ ਹਾਜ਼ਰੀ ਦਿੱਤੀ ਹੈ। ਪਿਛਲੀਆਂ ਨਗਰ ਨਿਗਮ ਚੋਣਾਂ ’ਚ ਵੀ ਉਨ੍ਹਾਂ ਨੇ ਆਪਣੀ ਵੋਟ ਨਹੀਂ ਪਾਈ ਸੀ। ਮੁਹਾਲੀ ਨਿਗਮ ਦੀ ਵੋਟਰ ਸੂਚੀ ’ਚ ਵਾਰਡ ਨੰਬਰ 44 ’ਚ ਉਨ੍ਹਾਂ ਦੀ ਵੋਟ ਦਰਜ ਸੀ, ਪਰ ਹੁਣ ਉਨ੍ਹਾਂ ਦੇ ਪੱਕੇ ਤੌਰ ’ਤੇ ਸ਼ਿਫ਼ਟ ਹੋਣ ਦੀ ਪੁਸ਼ਟੀ ਹੋ ਗਈ ਹੈ। ਰਾਘਵ ਚੱਢਾ ਨੂੰ 21 ਮਾਰਚ 2022 ਨੂੰ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ। ਉਸ ਵੇਲੇ ਇਹ ਵੱਡਾ ਸਿਆਸੀ ਮੁੱਦਾ ਬਣਿਆ ਸੀ ਕਿ ਪੰਜਾਬ ਤੋਂ ਬਾਹਰ ਦੇ ਬਾਸ਼ਿੰਦੇ ਨੂੰ ਰਾਜ ਸਭਾ ਦੀ ਟਿਕਟ ਦਿੱਤੀ ਗਈ ਹੈ। ਅਪਰੈਲ 2022 ’ਚ ਉਹ ਪੰਜਾਬ ਤੋਂ ਰਾਜ ਸਭਾ ਮੈਂਬਰ ਬਣੇ। ਚੋਣ ਕਮਿਸ਼ਨ ਕੋਲ ਦਾਇਰ ਕੀਤੇ ਹਲਫ਼ੀਆ ਬਿਆਨ ਮੁਤਾਬਿਕ, ਉਸ ਸਮੇਂ ਉਨ੍ਹਾਂ ਦੀ ਵੋਟ ਦਿੱਲੀ ਦੇ ਵਿਧਾਨ ਸਭਾ ਹਲਕਾ ਰਜੇਂਦਰ ਨਗਰ ’ਚ ਦਰਜ ਸੀ। ਬਾਅਦ ਵਿੱਚ ਉਨ੍ਹਾਂ ਨੇ ਦਿੱਲੀ ਤੋਂ ਆਪਣੀ ਵੋਟ ਕਟਾ ਕੇ ਪੰਜਾਬ ’ਚ ਨਵੀਂ ਵੋਟ ਬਣਾਈ। ਲੋਕ ਸਭਾ ਚੋਣਾਂ 2024 ਦੌਰਾਨ ਉਨ੍ਹਾਂ ਨੇ ਮੁਹਾਲੀ ਦੇ ਪਿੰਡ ਲਖਨੌਰ ਦੇ ਪੋਲਿੰਗ ਸਟੇਸ਼ਨ ’ਤੇ ਆਪਣੀ ਵੋਟ ਪਾਈ ਸੀ। ਹੁਣ ਸਵਾਲ ਇਹ ਹੈ ਕਿ ਕੀ ਰਾਘਵ ਚੱਢਾ ਦੇਸ਼ ਦੇ ਵੋਟਰ ਹਨ ਜਾਂ ਨਹੀਂ।
Leave a Reply