ਜੀ7 ਦੇਸ਼ਾਂ ‘ਚ ਸਭ ਤੋਂ ਤੇਜ਼ ਫੂਡ ਮਹਿੰਗਾਈ ਕੈਨੇਡਾ ਵਿੱਚ, ਆਮ ਪਰਿਵਾਰਾਂ ‘ਤੇ ਵਧਿਆ ਬੋਝ

ਜੀ7 ਦੇਸ਼ਾਂ ‘ਚ ਸਭ ਤੋਂ ਤੇਜ਼ ਫੂਡ ਮਹਿੰਗਾਈ ਕੈਨੇਡਾ ਵਿੱਚ, ਆਮ ਪਰਿਵਾਰਾਂ ‘ਤੇ ਵਧਿਆ ਬੋਝ

ਓਟਵਾ, ਕੈਨੇਡਾ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ, ਜਿਸ ਕਾਰਨ ਮਾਹਿਰ ਹੁਣ ਦੇਸ਼ ਨੂੰ ਜੀ7 ਦੇਸ਼ਾਂ ਦੀ “ਫੂਡ ਇਨਫਲੇਸ਼ਨ ਕੈਪੀਟਲ” ਕਹਿਣ ਲੱਗ ਪਏ ਹਨ। ਸਟੈਟਿਸਟਿਕਸ ਕੈਨੇਡਾ ਮੁਤਾਬਕ ਪਿਛਲੇ ਇੱਕ ਸਾਲ ਦੌਰਾਨ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਿੱਚ 6.2 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ 2023 ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ।ਰਿਪੋਰਟ ਮੁਤਾਬਕ ਇਹ ਦਰ ਅਮਰੀਕਾ ਨਾਲੋਂ ਲਗਭਗ ਦੁੱਗਣੀ ਹੈ, ਜਿਸ ਨਾਲ ਕੈਨੇਡਾ ਦੀ ਮਹਿੰਗਾਈ ਦੀ ਤਸਵੀਰ ਹੋਰ ਵੀ ਗੰਭੀਰ ਬਣ ਜਾਂਦੀ ਹੈ। ਮਹਿੰਗਾਈ ਦੇ ਇਸ ਵਾਧੇ ਨਾਲ ਆਮ ਪਰਿਵਾਰਾਂ ਦੇ ਮਹੀਨਾਵਾਰ ਬਜਟ ‘ਤੇ ਵੱਡਾ ਦਬਾਅ ਪੈ ਰਿਹਾ ਹੈ। ਲੋਕ ਹੁਣ ਸਸਤੇ ਵਿਕਲਪਾਂ ਵੱਲ ਰੁਝਾਨ ਕਰ ਰਹੇ ਹਨ ਅਤੇ ਸੇਲ ਫਲਾਇਰਾਂ ਦੇ ਆਧਾਰ ‘ਤੇ ਖਰੀਦਦਾਰੀ ਕਰਨ ਲੱਗ ਪਏ ਹਨ।ਕਈ ਗਾਹਕਾਂ ਨੇ ਦੱਸਿਆ ਕਿ ਹੁਣ ਉਹ ਘੱਟ ਮਾਤਰਾ ਵਿੱਚ ਸਮਾਨ ਖਰੀਦ ਰਹੇ ਹਨ ਅਤੇ ਖਾਣੇ ਦੀਆਂ ਪੋਰਸ਼ਨਾਂ ਵੀ ਛੋਟੀਆਂ ਹੋ ਗਈਆਂ ਹਨ। ਅੰਕੜਿਆਂ ਅਨੁਸਾਰ ਪਿਛਲੇ ਸਾਲ ਗ੍ਰੋਸਰੀ ਸਟੋਰਾਂ ਦੀਆਂ ਕੀਮਤਾਂ ਵਿੱਚ ਲਗਭਗ 5 ਫ਼ੀਸਦੀ ਵਾਧਾ ਹੋਇਆ, ਜਦਕਿ ਰੈਸਟੋਰੈਂਟਾਂ ਵਿੱਚ ਭੋਜਨ ਦੀਆਂ ਕੀਮਤਾਂ 8.5 ਫ਼ੀਸਦੀ ਤੱਕ ਵਧ ਗਈਆਂ ਹਨ।ਡੈਲਹੌਜ਼ੀ ਯੂਨੀਵਰਸਿਟੀ ਦੇ ਫੂਡ ਮਾਹਿਰ ਸਿਲਵੈਂ ਸ਼ਾਰਲਬੁਆ ਨੇ ਕਿਹਾ ਕਿ ਅਮਰੀਕਾ ਵਰਗੇ ਦੇਸ਼ਾਂ ਵਿੱਚ ਟੈਰਿਫ਼ ਹੋਣ ਦੇ ਬਾਵਜੂਦ ਉੱਥੇ ਫੂਡ ਮਹਿੰਗਾਈ ਕੈਨੇਡਾ ਨਾਲੋਂ ਅੱਧੀ ਹੈ, ਜੋ ਚਿੰਤਾ ਦੀ ਗੱਲ ਹੈ। ਉਨ੍ਹਾਂ ਅਨੁਸਾਰ ਇਹ ਸਥਿਤੀ ਨੀਤੀ ਨਿਰਧਾਰਕਾਂ ਲਈ ਇੱਕ ਵੱਡੀ ਚੁਣੌਤੀ ਹੈ।ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕੌਫੀ ਦੀਆਂ ਕੀਮਤਾਂ ਲਗਭਗ 30 ਫ਼ੀਸਦੀ ਅਤੇ ਬੀਫ਼ ਦੀਆਂ ਕੀਮਤਾਂ ਕਰੀਬ 17 ਫ਼ੀਸਦੀ ਤੱਕ ਵਧ ਚੁੱਕੀਆਂ ਹਨ। ਮਾਸ, ਚੀਜ਼, ਦੁੱਧ ਅਤੇ ਅੰਡਿਆਂ ਵਰਗੀਆਂ ਬੁਨਿਆਦੀ ਚੀਜ਼ਾਂ ਵੀ ਹੁਣ ਕਈ ਪਰਿਵਾਰਾਂ ਦੀ ਪਹੁੰਚ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ। ਗਾਹਕਾਂ ਦਾ ਕਹਿਣਾ ਹੈ ਕਿ ਖਾਣਾ ਅਤੇ ਰਹਿਣ ਲਈ ਘਰ ਮਨੁੱਖ ਦੀਆਂ ਸਭ ਤੋਂ ਮੂਲ ਲੋੜਾਂ ਹਨ ਅਤੇ ਇਨ੍ਹਾਂ ਦੀ ਵਧਦੀ ਮਹਿੰਗਾਈ ਇੱਕ ਗੰਭੀਰ ਸਮਾਜਿਕ ਸਮੱਸਿਆ ਬਣਦੀ ਜਾ ਰਹੀ ਹੈ।