ਜਾਤੀਸੂਚਕ ਟਿੱਪਣੀਆਂ ਤੋਂ ਸ਼ੁਰੂ ਹੋਇਆ ਵਿਵਾਦ ਹਿੰਸਕ ਬਣਿਆ, ਛੇ ਰਾਉਂਡ ਫਾਇਰ
- ਪੰਜਾਬ
- (Asia/Kolkata)
ਲੁਧਿਆਣਾ ਦੇ ਜਮਾਲਪੁਰ ਪੁਲੀਸ ਥਾਣੇ ਦੇ ਅਧੀਨ ਆਉਂਦੇ ਪਿੰਡ ਭੋਲੇਵਾਲ ਵਿੱਚ ਮੰਗਲਵਾਰ ਦੇਰ ਰਾਤ ਜਾਤੀਸੂਚਕ ਟਿੱਪਣੀਆਂ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹਿੰਸਕ ਝੜਪ ਵਿੱਚ ਤਬਦੀਲ ਹੋ ਗਿਆ। ਇਹ ਘਟਨਾ ਰਾਤ ਕਰੀਬ 11:30 ਵਜੇ ਵਾਪਰੀ, ਜਿਸ ਦੌਰਾਨ ਮਾਹੌਲ ਤਣਾਭਰਪੂਰ ਹੋ ਗਿਆ। ਜਾਣਕਾਰੀ ਅਨੁਸਾਰ ਦੋ ਧਿਰਾਂ ਵਿਚਾਲੇ ਪਹਿਲਾਂ ਤਿੱਖੀ ਬਹਿਸ ਹੋਈ। ਦੋਸ਼ ਲਗਾਇਆ ਜਾ ਰਿਹਾ ਹੈ ਕਿ ਬਹਿਸ ਦੌਰਾਨ ਜਾਤੀਸੂਚਕ ਸ਼ਬਦ ਵਰਤੇ ਗਏ, ਜਿਸ ਤੋਂ ਬਾਅਦ ਗੱਲ ਹੱਥਾਪਾਈ ਤੱਕ ਪਹੁੰਚ ਗਈ। ਹਾਲਾਤ ਵਿਗੜਦੇ ਹੀ ਹਮਲਾਵਰਾਂ ਨੇ ਗੋਲੀਬਾਰੀ ਕਰ ਦਿੱਤੀ ਅਤੇ ਹਵਾ ਵਿੱਚ ਛੇ ਰਾਉਂਡ ਫਾਇਰ ਕੀਤੇ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਇਸ ਹੰਗਾਮੇ ਦੌਰਾਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ, ਜਿਸ ਦੀ ਲੱਤ ਟੁੱਟ ਗਈ ਹੈ। ਹਾਲਾਂਕਿ ਗੋਲੀਬਾਰੀ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ। ਸੂਚਨਾ ਮਿਲਦੇ ਹੀ ਪੁਲੀਸ ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ। ਕੂਮ ਕਲਾਂ ਪੁਲੀਸ ਥਾਣੇ ਦੇ ਅਧਿਕਾਰੀਆਂ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਭਾਵੇਂ ਪਿੰਡ ਜਮਾਲਪੁਰ ਥਾਣੇ ਦੇ ਅਧੀਨ ਹੈ, ਪਰ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਲਈ ਉਨ੍ਹਾਂ ਵੱਲੋਂ ਵੀ ਸਹਿਯੋਗ ਦਿੱਤਾ ਗਿਆ ਹੈ। ਪੁਲੀਸ ਅਧਿਕਾਰੀਆਂ ਦੇ ਅਨੁਸਾਰ, ਇਹ ਝਗੜਾ ਜਾਤੀਸੂਚਕ ਟਿੱਪਣੀਆਂ ਕਾਰਨ ਹੋਇਆ ਹੈ। ਇਸ ਸਮੇਂ ਪੁਲੀਸ ਦੋਸ਼ੀਆਂ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ ਅਤੇ ਉਨ੍ਹਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਮੌਕੇ ਤੋਂ ਫਰਾਰ ਹੋਏ ਸ਼ੱਕੀਆਂ ਦੀ ਤਲਾਸ਼ ਜਾਰੀ ਹੈ।
Leave a Reply