ਔਰਤਾਂ ਵੱਲੋਂ ਵੀਡੀਓ ਬਣਾਕੇ ਬਲੈਕਮੇਲ ਕਰਨ ਦਾ ਮਾਮਲਾ, ਇੱਕ ਗ੍ਰਿਫਤਾਰ
- ਪੰਜਾਬ
- (Asia/Kolkata)
ਮਾਲੇਰਕੋਟਲਾ ਵਿੱਚ ਮਰਦਾਂ ਨੂੰ ਆਪਣੇ ਹੁਸਨ ਦੇ ਜਾਲ ਵਿੱਚ ਫਸਾਕੇ ਅਸ਼ਲੀਲ ਵੀਡੀਓ ਬਣਾਉਣ ਅਤੇ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਪੁਲਿਸ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਤਿੰਨ ਨਾਮਜ਼ਦ ਔਰਤਾਂ ਸਮੇਤ ਕੁੱਲ ਪੰਜ ਵਿਅਕਤੀਆਂ ਖਿਲਾਫ ਥਾਣਾ ਸਿਟੀ-1 ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਇੱਕ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀ ਮੁਲਜ਼ਮ ਅਜੇ ਵੀ ਫਰਾਰ ਹਨ। ਮਾਮਲੇ ਸੰਬੰਧੀ ਦਰਜ ਮੁਕੱਦਮਾ ਨੰਬਰ 54 ਮਿਤੀ 03 ਮਾਰਚ 2026 ਅਨੁਸਾਰ, ਪਿੰਡ ਬੁਰਜ ਦੇ ਵਸਨੀਕ ਕਰਮਜੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਮਾਲੇਰਕੋਟਲਾ ਵਿੱਚ ਡਾ. ਗੁਰਵਿੰਦਰ ਸਿੰਘ ਦੇ ਹਸਪਤਾਲ ਦੇ ਮੈਡੀਕਲ ਸਟੋਰ ਤੋਂ ਦਵਾਈ ਲੈ ਰਿਹਾ ਸੀ। ਇਸ ਦੌਰਾਨ ਬਾਹਰ ਖੜ੍ਹੀਆਂ ਦੋ ਅਣਪਛਾਤੀਆਂ ਔਰਤਾਂ ਉਸ ਨਾਲ ਗੱਲਬਾਤ ਕਰਦੀਆਂ ਹੋਈਆਂ ਉਸਨੂੰ ਆਪਣੇ ਜਾਲ ਵਿੱਚ ਫਸਾ ਕੇ ਪਿੰਡ ਆਦਮਪਾਲ ਦੇ ਇੱਕ ਘਰ ਵਿੱਚ ਲੈ ਗਈਆਂ। ਉਥੇ ਉਸਨੂੰ ਨਸ਼ੀਲਾ ਪਦਾਰਥ ਸੁੰਘਾ ਕੇ ਬੇਹੋਸ਼ ਕਰ ਦਿੱਤਾ ਗਿਆ ਅਤੇ ਮੋਬਾਈਲ ਫੋਨ ਨਾਲ ਉਸਦੀ ਅਸ਼ਲੀਲ ਵੀਡੀਓ ਤਿਆਰ ਕਰ ਲਈ ਗਈ। ਹੋਸ਼ ਵਿੱਚ ਆਉਣ ‘ਤੇ ਘਰ ਵਿੱਚ ਮੌਜੂਦ ਚਾਰ ਔਰਤਾਂ ਨੇ ਉਸਨੂੰ ਵੀਡੀਓ ਦਿਖਾ ਕੇ ਧਮਕਾਇਆ ਅਤੇ ਉਸ ਤੋਂ 10 ਹਜ਼ਾਰ ਰੁਪਏ ਗੂਗਲ ਪੇਅ ਰਾਹੀਂ ਅਤੇ 1500 ਰੁਪਏ ਨਕਦ ਵਸੂਲ ਕੀਤੇ। ਇਸ ਤੋਂ ਬਾਅਦ ਉਸਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ। ਪੀੜਤ ਨੇ ਇਹ ਵੀ ਦੱਸਿਆ ਕਿ ਉਸਨੇ ਇਹ ਘਟਨਾ ਆਪਣੇ ਦੋਸਤ ਚਮਕੌਰ ਸਿੰਘ ਨਾਲ ਸਾਂਝੀ ਕੀਤੀ, ਜਿਸ ਤੋਂ ਬਾਅਦ ਦੋਵੇਂ ਔਰਤਾਂ ਦੇ ਘਰ ਗਏ। ਉਥੇ ਵੀਡੀਓ ਮਿਟਾਉਣ ਦੇ ਬਦਲੇ 50 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਅਤੇ ਮੋਬਾਈਲ ਫੋਨ ਵਾਪਸ ਕਰ ਦਿੱਤਾ ਗਿਆ। ਬਾਅਦ ਵਿੱਚ 3 ਮਾਰਚ ਨੂੰ ਇਕ ਫੋਨ ਕਾਲ ਰਾਹੀਂ ਪੈਸੇ ਨਾ ਦੇਣ ‘ਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਵੀ ਦਿੱਤੀ ਗਈ। ਸ਼ਿਕਾਇਤਕਰਤਾ ਦੇ ਅਨੁਸਾਰ, ਜਾਂਚ ਦੌਰਾਨ ਤਿੰਨ ਔਰਤਾਂ ਦੀ ਪਛਾਣ ਗੁਰਵਿੰਦਰ ਕੌਰ, ਹਰਦੀਪ ਕੌਰ ਅਤੇ ਮਨਜੋਤ ਕੌਰ ਵਜੋਂ ਹੋਈ ਹੈ, ਜਦਕਿ ਦੋ ਹੋਰ ਔਰਤਾਂ ਅਜੇ ਅਣਪਛਾਤੀਆਂ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਗਿਰੋਹ ਪਹਿਲਾਂ ਵੀ ਕਈ ਲੋਕਾਂ ਨੂੰ ਇਸ ਤਰ੍ਹਾਂ ਬਲੈਕਮੇਲ ਕਰ ਚੁੱਕਾ ਹੈ। ਥਾਣਾ ਸਿਟੀ-1 ਦੇ ਮੁੱਖੀ ਇੰਸਪੈਕਟਰ ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਗੁਰਵਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਸਮੇਂ ਸਿਰ ਕਾਰਵਾਈ ਕਰਕੇ ਦੋਸ਼ੀਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
Leave a Reply