ਗੁ: ਜਨਮ ਅਸਥਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਚੀਮਾ ਸਾਹਿਬ ਵਿਖੇ ਨਵੀਨੀਕਰਨ ਸੇਵਾ ਆਰੰਭ
- ਪੰਜਾਬ
- (Asia/Kolkata)
ਚੀਮਾ ਮੰਡੀ, ( ਜਗਸੀਰ ਸਿੰਘ)- ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਚੀਮਾ ਸਾਹਿਬ ਮਹਾਨ ਪਰਉਪਕਾਰੀ, ਰਾਜਯੋਗੀ ਅਤੇ ਪੂਰਨ ਬ੍ਰਹਮਚਾਰੀ ਸੰਤ ਸਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜਦੋਂ ਸਿੱਖ ਕੌਮ ਕਈ ਮੁਸ਼ਕਲਾਂ ਵਿੱਚ ਘਿਰੀ ਹੋਈ ਸੀ, ਉਸ ਸਮੇਂ ਸੰਤ ਅਤਰ ਸਿੰਘ ਜੀ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਆਪਣਾ ਸਮੂਹ ਜੀਵਨ ਸਿੱਖੀ ਦੇ ਪ੍ਰਚਾਰ-ਪ੍ਰਸਾਰ ਅਤੇ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਸੰਤ ਬਾਬਾ ਅਤਰ ਸਿੰਘ ਜੀ ਦਾ ਜਨਮ 17 ਮਾਰਚ 1866 ਨੂੰ ਮਾਤਾ ਭੋਲੀ ਕੌਰ ਜੀ ਦੀ ਕੁੱਖੋਂ ਪਿਤਾ ਸਰਦਾਰ ਕਰਮ ਸਿੰਘ ਜੀ ਦੇ ਘਰ ਪਿੰਡ ਚੀਮਾ (ਜ਼ਿਲ੍ਹਾ ਸੰਗਰੂਰ) ਵਿੱਚ ਹੋਇਆ। ਸ਼ੁਰੂਆਤੀ ਸਮੇਂ ਉਹ ਫੌਜ ਵਿੱਚ ਨੌਕਰੀ ਕਰਦੇ ਰਹੇ, ਪਰ ਨਾਮ ਸਿਮਰਨ ਦੇ ਵੈਰਾਗ ਨੇ ਉਨ੍ਹਾਂ ਨੂੰ ਸੰਸਾਰਿਕ ਜੀਵਨ ਤੋਂ ਦੂਰ ਕਰ ਦਿੱਤਾ। ਗ੍ਰਿਹਸਥ ਜੀਵਨ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਜੀਵਨ ਪੂਰੀ ਤਰ੍ਹਾਂ ਨਾਮ-ਸਿਮਰਨ ਅਤੇ ਗੁਰਮਤਿ ਪ੍ਰਚਾਰ ਨੂੰ ਸਮਰਪਿਤ ਕਰ ਦਿੱਤਾ। ਸੰਤ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਲਗਭਗ 14 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਘਰ ਨਾਲ ਜੋੜਿਆ। ਉਨ੍ਹਾਂ ਦੀ ਪ੍ਰੇਰਣਾ ਨਾਲ ਅਨੇਕਾਂ ਸਕੂਲ, ਕਾਲਜ ਅਤੇ ਵਿਦਿਅਕ ਸੰਸਥਾਵਾਂ ਦੀ ਸਥਾਪਨਾ ਹੋਈ। 1911 ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਉਨ੍ਹਾਂ ਨੂੰ "ਸੰਤ" ਦੀ ਪਦਵੀ ਨਾਲ ਸਨਮਾਨਿਤ ਕੀਤਾ ਗਿਆ। 1906 ਵਿੱਚ ਮਸੂਰੀ ਵਿਖੇ ਲੜਕੀਆਂ ਲਈ ਸਕੂਲ ਸਥਾਪਤ ਕਰਵਾਇਆ ਅਤੇ ਸਿੱਖ ਸਿੱਖਿਆ ਦੇ ਪ੍ਰਸਾਰ ਲਈ ਮਹੱਤਵਪੂਰਨ ਯੋਗਦਾਨ ਦਿੱਤਾ। 1 ਫਰਵਰੀ 1927 ਨੂੰ ਉਹ ਸੰਗਰੂਰ ਵਿਖੇ ਜੋਤੀ-ਜੋਤ ਸਮਾ ਗਏ। ਉਨ੍ਹਾਂ ਤੋਂ ਬਾਅਦ ਸੰਤ ਤੇਜਾ ਸਿੰਘ ਜੀ ਨੇ ਉਨ੍ਹਾਂ ਦੀ ਸੇਵਾ ਅਤੇ ਉਪਦੇਸ਼ਾਂ ਨੂੰ ਅੱਗੇ ਵਧਾਇਆ। ਉਨ੍ਹਾਂ ਨੇ ਸੰਤ ਬਾਬਾ ਅਤਰ ਸਿੰਘ ਜੀ ਦੇ ਜਨਮ ਅਸਥਾਨ ਚੀਮਾ ਸਾਹਿਬ ਵਿਖੇ ਨੌਂ ਮੰਜ਼ਿਲਾ ਜਨਮ ਅਸਥਾਨ ਸਾਹਿਬ ਦੀ ਸੇਵਾ 1956 ਵਿੱਚ ਸ਼ੁਰੂ ਕਰਵਾਈ ਅਤੇ ਚਾਰ ਮੰਜ਼ਿਲਾਂ ਤੱਕ ਉਸਾਰੀ ਕਰਵਾਈ। ਬਾਅਦ ਵਿੱਚ ਸੰਤ ਬਾਬਾ ਸੁੱਚਾ ਸਿੰਘ ਜੀ ਨੇ ਇਸ ਸੇਵਾ ਨੂੰ ਅੱਗੇ ਵਧਾਇਆ। ਸਾਲ 1988 ਵਿੱਚ ਸੰਤ ਬਾਬਾ ਇਕਬਾਲ ਸਿੰਘ ਜੀ ਨੇ ਇਸ ਪਾਵਨ ਅਸਥਾਨ ਦੀ ਸੇਵਾ ਸੰਭਾਲੀ ਅਤੇ ਲਗਭਗ 200 ਕਮਰਿਆਂ ਵਾਲਾ ਯਾਤਰੀ ਨਿਵਾਸ ਤਿਆਰ ਕਰਵਾ ਕੇ ਅਸਥਾਨ ਦਾ ਵਿਸਥਾਰ ਕੀਤਾ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ 10 ਫਰਵਰੀ 2022 ਨੂੰ ਭਾਈ ਜਗਜੀਤ ਸਿੰਘ ਜੀ ਨੇ ਨਗਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸੇਵਾ ਸੰਭਾਲੀ। ਇਸ ਵੇਲੇ ਉਹ ਕਲਗੀਧਰ ਟਰੱਸਟ ਦੀ ਰਹਿਨੁਮਾਈ ਹੇਠ ਜਨਮ ਅਸਥਾਨ ਦੀ ਸੇਵਾ ਅਤੇ ਵਿਕਾਸ ਕਾਰਜ ਕਰਵਾ ਰਹੇ ਹਨ। ਲਗਭਗ 70 ਸਾਲ ਪੁਰਾਣੀ ਇਮਾਰਤ ਦੇ ਪਿਛਲੇ ਹਿੱਸੇ ਨੂੰ ਬਰਸਾਤ ਕਾਰਨ ਹੋਏ ਨੁਕਸਾਨ ਨੂੰ ਦੇਖਦਿਆਂ ਇਸ ਦੇ ਨਵੀਨੀਕਰਨ ਦੀ ਸੇਵਾ 16 ਮਈ 2026 ਤੋਂ ਸ਼ੁਰੂ ਕੀਤੀ ਗਈ ਹੈ। ਇਸ ਸੇਵਾ ਅਧੀਨ ਇਮਾਰਤ ਦੇ ਪਿਛਲੇ ਹਿੱਸੇ, ਛੱਤਾਂ ਅਤੇ ਹੋਰ ਖਰਾਬ ਹੋਏ ਭਾਗਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ, ਤਾਂ ਜੋ ਇਹ ਇਤਿਹਾਸਕ ਅਸਥਾਨ ਭਵਿੱਖ ਵਿੱਚ ਵੀ ਸੰਗਤ ਦੀ ਸੇਵਾ ਕਰਦਾ ਰਹੇ। ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਬੇਨਤੀ ਹੈ ਕਿ ਇਸ ਪਾਵਨ ਕਾਰਜ ਵਿੱਚ ਤਨ, ਮਨ ਅਤੇ ਧਨ ਨਾਲ ਸਹਿਯੋਗ ਕਰਕੇ ਗੁਰੂ ਸਾਹਿਬ ਅਤੇ ਸੰਤ ਮਹਾਪੁਰਸ਼ਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
Leave a Reply