ਪਿੰਡ ਰਿਉਣਾ ਨੀਵਾਂ ਵਿਖੇ ਮੁਫਤ ਆਯੁਰਵੈਦਿਕ ਤੇ ਹੋਮਿਓਪੈਥੀ ਕੈਂਪ ਲਗਾਇਆ

ਪਿੰਡ ਰਿਉਣਾ ਨੀਵਾਂ ਵਿਖੇ ਮੁਫਤ ਆਯੁਰਵੈਦਿਕ ਤੇ ਹੋਮਿਓਪੈਥੀ ਕੈਂਪ ਲਗਾਇਆ

ਫ਼ਤਹਿਗੜ੍ਹ ਸਾਹਿਬ, ( ਮੁਖ਼ਤਿਆਰ ਸਿੰਘ) ਡਾਇਰੈਕਟਰ ਆਯੁਰਵੈਦਾ, ਡਾਇਰੈਕਟਰ ਹੋਮਿਓਪੈਥੀ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਰਿਊਣਾ ਨੀਵਾਂ ਦੇ ਕਮਿੳਨਿਟੀ ਸੈਂਟਰ ਵਿਖੇ ਆਯੁਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਜ਼ਿਲ੍ਹਾ ਆਯੁਰਵੈਦਿਕ ਅਤੇ ਯੁਨਾਨੀ ਅਫਸਰ ਡਾ: ਮੰਜੂ ਅਤੇ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾ. ਰੁਪਿੰਦਰ ਕੌਰ ਦੀ ਅਗਵਾਈ ਹੇਠ ਟੀਮ ਨੇ 546 ਮਰੀਜਾਂ ਦੀ ਜਾਂਚ ਕੀਤੀ ਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਮੰਜੂ ਨੇ ਦੱਸਿਆ ਕਿ ਆਯੁਰਵੈਦਿਕ ਤੇ ਹੋਮਿਓਪੈਥੀ ਇੱਕ ਪੁਰਾਤਨ ਵਿਧੀ ਹੈ ਜਿਸ ਨਾਲ ਹਰੇਕ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਵਿਧੀਆਂ ਮਨੁੱਖ ਲਈ ਬਹੁਤ ਹੀ ਲਾਹੇਵੰਦ ਸਾਬਤ ਹੁੰਦੀਆਂ ਹਨ ਜਿਨ੍ਹਾਂ ਦਾ ਮਨੁੱਖੀ ਸਰੀਰ ਤੇ ਕੋਈ ਮਾੜਾ ਪ੍ਰਭਾਵ ਵੀ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਅੱਜ ਦੇ ਕੈਂਪ ਵਿੱਚ 288 ਮਰੀਜਾਂ ਨੂੰ ਆਯੁਰਵੈਦਿਕ ਅਤੇ 258 ਮਰੀਜਾਂ ਨੂੰ ਹੋਮਿਓਪੈਥੀ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਵਿੱਚ ਡਾਕਟਰ ਕਾਮਨਾ ਬਾਵਾ ਏ. ਐਮ. ਓ, ਡਾ. ਜਤਿੰਦਰ ਸਿੰਘ ਏ.ਐਮ. ਓ, ਡਾ ਦਲਜੀਤ ਸਿੰਘ ਐੱਚ ਐਮ ਓ, ਡਾ ਗੁਰਪ੍ਰੀਤ ਕੌਰ ਐੱਚ ਐਮ ਓ ਨੇ ਮਰੀਜਾਂ ਦਾ ਚੈੱਕਅਪ ਕੀਤਾ। ਇਸ ਦੌਰਾਨ ਸ਼੍ਰੀ ਮਨਪ੍ਰੀਤ ਸਿੰਘ ਉਪਵੈਦ , ਸ਼੍ਰੀ ਅਮਰੀਕ ਸਿੰਘ ਉਪਵੈਦ , ਸ਼੍ਰੀ ਮਤੀ ਪਰਮਜੀਤ ਕੌਰ ਐੱਚ.ਓ ਡਿਸਪੈਂਸਰ ,ਸ਼੍ਰੀ ਨੀਲਕਮਲ ਐੱਚ ਓ ਡਿਸਪੈਂਸਰ ਵੱਲੋਂ ਦਵਾਈਆਂ ਦੀ ਵੰਡ ਕੀਤੀ ਗਈ। ਕੈਂਪ ਵਿੱਚ ਸਰਪੰਚ ਸ. ਪਰਮਜੀਤ ਸਿੰਘ, ਰਾਜੀਵ ਦਰਜਾ ਅਤੇ ਪੰਚਾਇਤ ਮੈਬਰਾਂ ਨੇ ਪੂਰਾ ਸਹਿਯੋਗ ਦਿੱਤਾ।