ਅਬੋਹਰ ਵਿੱਚ ਭਾਰੀ ਮੀਂਹ ਕਾਰਨ ਘਰ ਦੀਆਂ ਛੱਤਾਂ ਡਿੱਗੀਆਂ, ਪਰਿਵਾਰ ਬਚਿਆ

ਅਬੋਹਰ ਵਿੱਚ ਭਾਰੀ ਮੀਂਹ ਕਾਰਨ ਘਰ ਦੀਆਂ ਛੱਤਾਂ ਡਿੱਗੀਆਂ, ਪਰਿਵਾਰ ਬਚਿਆ

ਸੰਤ ਨਗਰੀ ਇਲਾਕੇ ਵਿੱਚ ਦੇਰ ਰਾਤ ਪਈ ਭਾਰੀ ਬਰਸਾਤ ਅਤੇ ਗੜੇਮਾਰੀ ਕਾਰਨ ਇੱਕ ਘਰ ਦੇ ਦੋ ਕਮਰਿਆਂ ਦੀਆਂ ਛੱਤਾਂ ਅਚਾਨਕ ਡਿੱਗ ਗਈਆਂ। ਇਸ ਹਾਦਸੇ ਦੌਰਾਨ ਪਰਿਵਾਰ ਦੇ ਮੈਂਬਰਾਂ ਨੇ ਸਮੇਂ ਸਿਰ ਬਾਹਰ ਨਿਕਲ ਕੇ ਆਪਣੀਆਂ ਜਾਨਾਂ ਬਚਾ ਲਈਆਂ। ਪੀੜਤਾ ਵੀਣਾ ਰਾਣੀ ਮੁਤਾਬਕ, ਅੱਧੀ ਰਾਤ ਦੇ ਕਰੀਬ ਉਹ ਆਪਣੇ ਪਰਿਵਾਰ ਨਾਲ ਘਰ ਵਿੱਚ ਸੁੱਤੀ ਹੋਈ ਸੀ, ਜਦੋਂ ਛੱਤ ਤੋਂ ਸੀਮੈਂਟ ਦਾ ਟੁਕੜਾ ਡਿੱਗਣ ਦੀ ਆਵਾਜ਼ ਆਈ। ਇਹ ਆਵਾਜ਼ ਸੁਣਦੇ ਹੀ ਉਸ ਦੀ ਸੱਸ ਮਹਿੰਦਰ ਰਾਣੀ ਅਤੇ ਬੱਚੇ ਤੁਰੰਤ ਬਾਹਰ ਵੱਲ ਦੌੜ ਪਏ। ਉਨ੍ਹਾਂ ਦੇ ਬਾਹਰ ਨਿਕਲਦੇ ਹੀ ਕੁਝ ਹੀ ਪਲਾਂ ਵਿੱਚ ਦੋਵੇਂ ਕਮਰਿਆਂ ਦੀਆਂ ਛੱਤਾਂ ਪੂਰੀ ਤਰ੍ਹਾਂ ਢਹਿ ਗਈਆਂ। ਮਹਿੰਦਰ ਰਾਣੀ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਕਾਲਾ ਨੂੰ ਆਵਾਜ਼ ਮਾਰ ਕੇ ਸਾਰੇ ਪਰਿਵਾਰ ਨੂੰ ਤੁਰੰਤ ਘਰ ਤੋਂ ਬਾਹਰ ਕੱਢਿਆ, ਜਿਸ ਨਾਲ ਵੱਡਾ ਹਾਦਸਾ ਟਲ ਗਿਆ। ਹਾਲਾਂਕਿ ਇਸ ਘਟਨਾ ਵਿੱਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਘਰ ਦਾ ਸਾਰਾ ਸਾਮਾਨ ਮਲਬੇ ਹੇਠ ਦੱਬ ਜਾਣ ਕਾਰਨ ਪਰਿਵਾਰ ਨੂੰ ਵੱਡਾ ਮਾਲੀ ਨੁਕਸਾਨ ਝੱਲਣਾ ਪਿਆ ਹੈ। ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੇ ਇਸ ਪਰਿਵਾਰ ਨੇ ਹੁਣ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ, ਤਾਂ ਜੋ ਉਹ ਆਪਣੀ ਛੱਤ ਦੀ ਮੁਰੰਮਤ ਕਰਵਾ ਸਕਣ।