ਗੁਰੂਸਰ ਸੁਧਾਰ ਨੇੜੇ ਵੱਡੀ ਵਾਰਦਾਤ: ਕੈਨੇਡਾ ਰਹਿੰਦੇ ਐੱਨ.ਆਰ.ਆਈ. ਦੀ ਬੰਦ ਕੋਠੀ ’ਤੇ ਚਿੱਟੀ ਕਾਰ ਸਵਾਰ ਹਮਲਾਵਰਾਂ ਨੇ ਚਲਾਈਆਂ ਗੋਲੀਆਂ

ਗੁਰੂਸਰ ਸੁਧਾਰ ਨੇੜੇ ਵੱਡੀ ਵਾਰਦਾਤ: ਕੈਨੇਡਾ ਰਹਿੰਦੇ ਐੱਨ.ਆਰ.ਆਈ. ਦੀ ਬੰਦ ਕੋਠੀ ’ਤੇ ਚਿੱਟੀ ਕਾਰ ਸਵਾਰ ਹਮਲਾਵਰਾਂ ਨੇ ਚਲਾਈਆਂ ਗੋਲੀਆਂ

ਗੁਰੂਸਰ ਸੁਧਾਰ ਇਲਾਕੇ ਅਧੀਨ ਪੈਂਦੇ ਪਿੰਡ ਹੇਰਾਂ ਵਿੱਚ ਉਸ ਸਮੇਂ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਬੁੱਧਵਾਰ ਤੜਕਸਾਰ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਹੇਰਾਂ-ਰਾਜੋਆਣਾ ਕਲਾਂ ਸੰਪਰਕ ਸੜਕ ’ਤੇ ਸਥਿਤ ਕੈਨੇਡਾ ਵਾਸੀ ਐੱਨ.ਆਰ.ਆਈ. ਜਿੰਦਰ ਸਿੰਘ ਪੁੱਤਰ ਆਤਮਾ ਸਿੰਘ ਦੀ ਬੰਦ ਪਈ ਕੋਠੀ ਦੇ ਮੁੱਖ ਗੇਟ ਨੂੰ ਨਿਸ਼ਾਨਾ ਬਣਾ ਕੇ ਚਿੱਟੀ ਰੰਗ ਦੀ ਕਾਰ ਵਿੱਚ ਆਏ ਹਮਲਾਵਰਾਂ ਵੱਲੋਂ ਅੰਨ੍ਹੇਵਾਹ ਫ਼ਾਇਰਿੰਗ ਕੀਤੀ ਗਈ। ਘਟਨਾ ਸਥਾਨ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਤੋਂ ਸਾਹਮਣੇ ਆਇਆ ਹੈ ਕਿ ਇਹ ਵਾਰਦਾਤ ਸਵੇਰੇ ਕਰੀਬ 4:19 ਵਜੇ ਅੰਜਾਮ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਕੋਠੀ ਦਾ ਮਾਲਕ ਪਿਛਲੇ ਲਗਭਗ 15 ਸਾਲਾਂ ਤੋਂ ਵਿਦੇਸ਼ ਵਿੱਚ ਰਹਿ ਰਿਹਾ ਹੈ। ਅਚਾਨਕ ਸੁਣੀ ਗਈ ਗੋਲੀਆਂ ਦੀ ਇਸ ਆਵਾਜ਼ ਕਾਰਨ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਅਤੇ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਘਰੋਂ ਬਾਹਰ ਨਿਕਲੇ ਪਿੰਡ ਵਾਸੀ ਬੁਰੀ ਤਰ੍ਹਾਂ ਸਹਿਮ ਗਏ। ਸੂਚਨਾ ਮਿਲਦਿਆਂ ਹੀ ਥਾਣਾ ਸੁਧਾਰ ਦੀ ਪੁਲੀਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਵਿੱਚ ਇੱਕ ਚਿੱਟੀ ਰੰਗ ਦੀ ਕਾਰ ਕੋਠੀ ਦੇ ਗੇਟ ਦੇ ਸਾਹਮਣੇ ਰੁਕਦੀ ਹੋਈ ਸਾਫ਼ ਨਜ਼ਰ ਆ ਰਹੀ ਹੈ। ਕੁਝ ਪਿੰਡ ਵਾਸੀਆਂ ਵੱਲੋਂ ਦੋ ਤੋਂ ਵੱਧ ਵਾਰ ਗੋਲੀਆਂ ਚੱਲਣ ਦੀ ਆਵਾਜ਼ ਸੁਣਨ ਦੀ ਗੱਲ ਆਖੀ ਗਈ ਹੈ। ਖ਼ਾਸ ਗੱਲ ਇਹ ਹੈ ਕਿ ਇਹ ਕੋਠੀ ਸਾਬਕਾ ਅਕਾਲੀ ਸਰਪੰਚ ਸਾਧੂ ਸਿੰਘ ਹੇਰਾਂ ਦੇ ਘਰ ਦੇ ਬਿਲਕੁਲ ਸਾਹਮਣੇ ਸਥਿਤ ਹੈ, ਜਿਸ ਕਾਰਨ ਪੁਲੀਸ ਇਸ ਮਾਮਲੇ ਨੂੰ ਹਰ ਪਹਿਲੂ ਤੋਂ ਵਾਚ ਰਹੀ ਹੈ ਅਤੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਇਹ ਪਛਾਣ ਦੇ ਭੁਲੇਖੇ ਦਾ ਮਾਮਲਾ ਤਾਂ ਨਹੀਂ ਹੈ। ਪੁਲੀਸ ਟੀਮਾਂ ਵੱਲੋਂ ਇਹ ਪੜਤਾਲ ਵੀ ਕੀਤੀ ਜਾ ਰਹੀ ਹੈ ਕਿ ਕੀ ਕੈਨੇਡਾ ਰਹਿੰਦੇ ਜਿੰਦਰ ਸਿੰਘ ਜਾਂ ਉਸ ਦੇ ਪਰਿਵਾਰ ਨੂੰ ਪਹਿਲਾਂ ਕਿਸੇ ਪਾਸੋਂ ਕੋਈ ਧਮਕੀ ਮਿਲੀ ਸੀ ਜਾਂ ਫਿਰ ਫਿਰੌਤੀ ਦੀ ਕੋਈ ਮੰਗ ਕੀਤੀ ਗਈ ਸੀ। ਇਸ ਸੰਵੇਦਨਸ਼ੀਲ ਮਾਮਲੇ ਦੀ ਬਾਰੀਕੀ ਨਾਲ ਜਾਂਚ ਲਈ ਤਕਨੀਕੀ ਅਤੇ ਫੋਰੈਂਸਿਕ ਟੀਮਾਂ ਨੂੰ ਵੀ ਮੌਕੇ ’ਤੇ ਤਲਬ ਕੀਤਾ ਗਿਆ ਹੈ। ਪੁਲੀਸ ਵੱਲੋਂ ਘਟਨਾ ਸਥਾਨ ਤੋਂ ਮਹੱਤਵਪੂਰਨ ਸਬੂਤ ਇਕੱਠੇ ਕਰਨ ਦੇ ਨਾਲ-ਨਾਲ ਆਸ-ਪਾਸ ਲੱਗੇ ਹੋਰ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਕਾਬੂ ਕੀਤਾ ਜਾ ਸਕੇ।