ਰੇਲਵੇ ਟਰੈਕ ਨੁਕਸਾਨੀ: ਵਿਸਫੋਟਕ ਐਕਟ ਤਹਿਤ ਕੇਸ ਦਰਜ
- ਪੰਜਾਬ
- (Asia/Kolkata)
ਸ਼ੰਭੂ-ਅੰਬਾਲਾ ਰੇਲ ਮਾਰਗ ‘ਤੇ ਸੋਮਵਾਰ ਰਾਤ ਤਕਰੀਬਨ 10 ਵਜੇ ਇੱਕ ਧਮਾਕਾ ਹੋਣ ਨਾਲ ਰੇਲਵੇ ਟਰੈਕ ਨੂੰ ਨੁਕਸਾਨ ਪਹੁੰਚਿਆ। ਘਟਨਾ ਸ਼ੰਭੂ ਦੇ ਨੇੜੇ ਵਾਪਰੀ, ਜਿਸ ਕਾਰਨ ਕੁਝ ਸਮੇਂ ਲਈ ਰੇਲ ਆਵਾਜਾਈ ਪ੍ਰਭਾਵਿਤ ਰਹੀ। ਹਾਲਾਂਕਿ ਰੇਲਵੇ ਵਿਭਾਗ ਵੱਲੋਂ ਮੁਰੰਮਤ ਕਰਕੇ ਮੰਗਲਵਾਰ ਸਵੇਰੇ ਟਰੈਕ ਨੂੰ ਦੁਬਾਰਾ ਚਾਲੂ ਕਰ ਦਿੱਤਾ ਗਿਆ। ਧਮਾਕੇ ਕਾਰਨ ਰੇਲਵੇ ਲਾਈਨ ਦਾ ਇੱਕ ਹਿੱਸਾ ਟੁੱਟ ਗਿਆ ਅਤੇ ਦਰਮਿਆਨੀ ਪੱਥਰ ਦੀ ਸਲੈਬ ਵੀ ਚਕਨਾਚੂਰ ਹੋ ਗਈ। ਇਸ ਨੁਕਸਾਨ ਦੇ ਚਲਦੇ ਰੇਲਵੇ ਪ੍ਰਸ਼ਾਸਨ ਨੇ ਤੁਰੰਤ ਆਵਾਜਾਈ ਰੋਕ ਦਿੱਤੀ ਸੀ, ਜਿਸ ਨੂੰ ਬਾਅਦ ਵਿੱਚ ਬਹਾਲ ਕਰ ਦਿੱਤਾ ਗਿਆ। ਘਟਨਾ ਸਥਾਨ ਤੋਂ ਮਨੁੱਖੀ ਧੜ ਦਾ ਕੁਝ ਹਿੱਸਾ ਵੀ ਬਰਾਮਦ ਹੋਇਆ ਹੈ। ਪ੍ਰਾਰੰਭਿਕ ਜਾਣਕਾਰੀ ਮੁਤਾਬਕ, ਧਮਾਕੇ ਦੌਰਾਨ ਹੀ ਇੱਕ ਵਿਅਕਤੀ ਦੀ ਮੌਤ ਹੋ ਗਈ। ਸੂਤਰਾਂ ਅਨੁਸਾਰ ਮ੍ਰਿਤਕ ਦੀ ਪਛਾਣ ਤਰਨ ਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਜਗਰੂਪ ਸਿੰਘ ਵਜੋਂ ਹੋਈ ਹੈ। ਧਮਾਕੇ ਦੀ ਤੀਬਰਤਾ ਇਤਨੀ ਸੀ ਕਿ ਉਸਦਾ ਸਿਰ, ਮੂੰਹ ਅਤੇ ਲੱਤਾਂ ਉੱਡ ਗਈਆਂ, ਜਦਕਿ ਧੜ ਦਾ ਕੁਝ ਹਿੱਸਾ ਹੀ ਬਚਿਆ। ਮੋਬਾਈਲ ਫੋਨ ਸੁਰੱਖਿਅਤ ਮਿਲਣ ਕਾਰਨ ਹੀ ਉਸਦੀ ਪਛਾਣ ਹੋ ਸਕੀ। ਰਾਤ ਕਰੀਬ ਸਾਢੇ ਬਾਰਾਂ ਵਜੇ ਪਟਿਆਲਾ ਤੋਂ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚੀ ਅਤੇ ਸਬੂਤ ਇਕੱਠੇ ਕਰਕੇ ਜਾਂਚ ਲਈ ਲੈਬ ਭੇਜੇ। ਪੁਲੀਸ ਅਨੁਸਾਰ, ਇਸ ਘਟਨਾ ਵਿੱਚ ਸ਼ਾਮਲ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਇਸ ਸਬੰਧੀ ਵਧੇਰੇ ਜਾਣਕਾਰੀ ਐਸਐਸਪੀ ਵਰੁਣ ਸ਼ਰਮਾ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਜਾਵੇਗੀ। ਇਸ ਮਾਮਲੇ ਵਿੱਚ ਮਾਰੇ ਗਏ ਜਗਰੂਪ ਸਿੰਘ ਦੇ ਭਰਾ ਨੂੰ ਵੀ ਪੁਲੀਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ। ਹਾਲਾਂਕਿ ਉਸਦੀ ਸੰਭਾਵਿਤ ਭੂਮਿਕਾ ਬਾਰੇ ਅਜੇ ਤੱਕ ਕੋਈ ਸਪਸ਼ਟਤਾ ਨਹੀਂ ਆਈ ਹੈ ਅਤੇ ਜਾਂਚ ਜਾਰੀ ਹੈ। ਰੇਲਵੇ ਪੁਲੀਸ ਨੇ ਇਸ ਘਟਨਾ ਸਬੰਧੀ ਰੇਲਵੇ ਐਕਟ ਦੀ ਧਾਰਾ 150 ਅਤੇ ਵਿਸਫੋਟਕ ਐਕਟ ਦੀਆਂ ਧਾਰਾਵਾਂ 3 ਅਤੇ 4 ਤਹਿਤ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Leave a Reply